ਤਾਜਾ ਖਬਰਾਂ
ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਇੱਕ ਮਾਸੂਮ ਜਾਨ ਲਈ ਘਾਤਕ ਸਾਬਤ ਹੋਈ ਹੈ। ਗੁਰਦਾਸਪੁਰ ਦੇ ਕਲਾਨੌਰ ਬਲਾਕ ਅਧੀਨ ਆਉਂਦੇ ਪਿੰਡ ਖਾਸਾ ਵਿੱਚ ਇੱਕ ਮਹੀਨੇ ਦੇ ਬੱਚੇ ਪ੍ਰਭਨੂਰ ਸਿੰਘ ਦੀ ਮੌਤ ਨਿਮੋਨੀਆ ਕਾਰਨ ਹੋ ਗਈ ਹੈ।
ਕਮਿਊਨਿਟੀ ਹੈਲਥ ਸੈਂਟਰ, ਕਲਾਨੌਰ ਵਿਖੇ ਪ੍ਰਭਨੂਰ ਦੇ ਪਿਤਾ ਕੁਲਬੀਰ ਸਿੰਘ ਨੇ ਦੱਸਿਆ ਕਿ ਬੱਚਾ ਬਿਲਕੁਲ ਠੀਕ ਸੀ। ਰਾਤ ਨੂੰ ਉਸਨੂੰ ਦੁੱਧ ਪਿਲਾਇਆ ਗਿਆ ਅਤੇ ਠੰਡ ਤੋਂ ਬਚਾਉਣ ਲਈ ਕਮਰੇ ਵਿੱਚ ਹੀਟਰ ਵੀ ਲਗਾਇਆ ਗਿਆ ਸੀ।
ਸਰੀਰ ਵਿੱਚ ਕੋਈ ਹਰਕਤ ਨਾ ਹੋਣ 'ਤੇ ਹਸਪਤਾਲ ਲਿਆਂਦਾ
ਕੁਲਬੀਰ ਸਿੰਘ ਅਨੁਸਾਰ, ਸੌਣ ਤੋਂ ਥੋੜ੍ਹੀ ਦੇਰ ਬਾਅਦ ਪ੍ਰਭਨੂਰ ਦੇ ਸਰੀਰ ਵਿੱਚ ਕੋਈ ਹਰਕਤ ਨਾ ਦੇਖ ਕੇ ਪਰਿਵਾਰ ਉਸਨੂੰ ਤੁਰੰਤ ਕਲਾਨੌਰ ਦੇ ਸੀ.ਐੱਚ.ਸੀ. ਲੈ ਕੇ ਆਇਆ। ਇੱਥੇ ਡਿਊਟੀ 'ਤੇ ਮੌਜੂਦ ਬਾਲ ਰੋਗ ਵਿਗਿਆਨੀ ਡਾ. ਵਿਸ਼ਾਲ ਜੱਗੀ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਡਾ. ਜੱਗੀ ਨੇ ਪੁਸ਼ਟੀ ਕੀਤੀ ਕਿ ਬੱਚੇ ਦੀ ਮੌਤ ਨਿਮੋਨੀਆ ਕਾਰਨ ਹੋਈ ਹੈ।
ਡਾਕਟਰਾਂ ਦੀ ਮਾਪਿਆਂ ਨੂੰ ਨਸੀਹਤ
ਡਾ. ਜੱਗੀ ਨੇ ਠੰਡ ਦੇ ਮੱਦੇਨਜ਼ਰ ਮਾਵਾਂ ਨੂੰ ਸਲਾਹ ਦਿੱਤੀ ਹੈ ਕਿ ਛੋਟੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਰੱਖਿਆ ਜਾਵੇ, ਗਰਮ ਕੱਪੜਿਆਂ ਵਿੱਚ ਲਪੇਟ ਕੇ ਰੱਖਿਆ ਜਾਵੇ ਅਤੇ ਠੰਡ ਤੋਂ ਬਚਾਉਣ ਲਈ ਹਮੇਸ਼ਾ ਗਰਮਾਹਟ ਵਿੱਚ ਰੱਖਿਆ ਜਾਵੇ। ਨਾਲ ਹੀ, ਉਨ੍ਹਾਂ ਨੇ ਸੌਂਦੇ ਸਮੇਂ ਬੱਚਿਆਂ ਨੂੰ ਦੁੱਧ ਨਾ ਪਿਲਾਉਣ ਅਤੇ ਮਾਵਾਂ ਨੂੰ ਆਪਣਾ ਦੁੱਧ ਪਿਲਾਉਣ ਦੀ ਸਿਫਾਰਸ਼ ਕੀਤੀ।
ਸਰਕਾਰ ਨੇ ਲੋਹੜੀ ਤੱਕ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ
ਇਸੇ ਦੌਰਾਨ, ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਇੱਕ ਵਾਰ ਫਿਰ ਵਧਾ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਹੁਣ ਸੂਬੇ ਦੇ ਸਾਰੇ ਸਕੂਲ 13 ਜਨਵਰੀ ਤੱਕ ਬੰਦ ਰਹਿਣਗੇ।
ਇਸ ਫੈਸਲੇ ਤੋਂ ਪਹਿਲਾਂ, ਛੁੱਟੀਆਂ 7 ਜਨਵਰੀ ਤੱਕ ਵਧਾਈਆਂ ਗਈਆਂ ਸਨ। ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇਹ ਫੈਸਲਾ ਬਦਲਿਆ ਹੈ, ਜਿਸਦਾ ਮਤਲਬ ਹੈ ਕਿ ਲੋਹੜੀ ਤੱਕ ਸਕੂਲ ਬੰਦ ਰਹਿਣਗੇ।
ਸਰਕਾਰ ਅਤੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਪੂਰੀ ਸਾਵਧਾਨੀ ਵਰਤਣ।
Get all latest content delivered to your email a few times a month.