IMG-LOGO
ਹੋਮ ਪੰਜਾਬ: ਪੰਜਾਬੀ ਲੋਕ ਸੰਗੀਤ ਦੇ ਪਰਕਾਂਡ ਸਾਧਕ ਉਸਤਾਦ ਲਾਲ ਚੰਦ ਯਮਲਾ...

ਪੰਜਾਬੀ ਲੋਕ ਸੰਗੀਤ ਦੇ ਪਰਕਾਂਡ ਸਾਧਕ ਉਸਤਾਦ ਲਾਲ ਚੰਦ ਯਮਲਾ ਜੱਟ ਚੇਤੇ ਆਏ

Admin User - Jan 09, 2026 11:09 AM
IMG

ਉਸਤਾਦ ਯਮਲਾ ਜੱਟ ਜੀ ਨਾਲ 1971-72 ਤੋਂ ਆਖਰੀ ਸਵਾਸਾਂ ਤੋਂ ਇੱਕ ਸ਼ਾਮ ਪਹਿਲਾਂ ਮੋਹਨ ਦੇਵੀ ਕੈਂਸਰ ਹਸਪਤਾਲ ਵਿੱਚ 18 ਜਾਂ 19 ਦਸੰਬਰ 1991 ਨੂੰ ਹੋਈ ਆਖਰੀ ਮੁਲਾਕਾਤ ਤੀਕ ਜਵਾਹਰ ਨਗਰ ਕੈਂਪ ਵਿੱਚ ਯਮਲਾ ਜੱਟ ਦੇ ਡੇਰੇ ਤੇ ਅਨੇਕਾਂ ਮੁਲਾਕਾਤਾਂ ਹੋਈਆਂ ਹੋਈਆਂ। 

ਆਖਰੀ ਵੇਲੇ ਸ਼ੂਗਰ ਕਾਰਨ ਪੈਰ ਨੂੰ ਗੈਂਗਰੀਨ ਹੋ ਗਈ ਸੀ। ਲੱਤ ਕੱਟਣੀ ਪੈਣੀ ਸੀ। ਅਗਲੇ ਦਿਨ ਸਰਜਰੀ ਹੋਣ ਕਾਰਨ ਸ਼ਾਮੀਂ. ਜਗਦੇਵ ਸਿੰਘ ਜੱਸੋਵਾਲ ਨਾਲ ਯਮਲਾਜੱਟ ਜੀ ਨਾਲ ਉਨ੍ਹਾਂ ਦੇ ਵੱਡੇ ਪੁੱਤਰ ਕਰਤਾਰ ਚੰਦ ਦੀ ਹਾਜ਼ਰੀ ਵਿੱਚ ਮੁਲਾਕਾਤ ਹੋਈ।  ਸਰਜਰੀ ਬਾਰੇ ਉਨ੍ਹਾਂ ਨੂੰ  ਬਿਲਕੁਲ ਪਤਾ ਨਹੀਂ ਸੀ। ਦਰਦ ਵਿੱਚ ਕਰਾਹੁੰਦਿਆਂ ਉਨ੍ਹਾਂ ਕਈ ਗੱਲਾਂ ਕੀਤੀਆਂ ਸਾਡੇ ਨਾਲ।  ਪ੍ਹੋ. ਮੋਹਨ ਸਿੰਘ ਮੇਲੇ ਤੇ ਵੀ ਉਨ੍ਹਾਂ 20 ਅਕਤੂਬਰ ਨੂੰ ਕੁਰਸੀ ਤੇ ਹਰਿ ਕੇ ਹੀ ਗਾਇਆ ਸੀ। ਹੰਸ ਰਾਜ ਹੰਸ ਤੇ ਗੁਰਦਾਸ ਮਾਨ ਨਾਲ ਉਨ੍ਹਾਂ ਦੀ ਚਰਨ ਬੰਦਨਾ ਵਾਲੀ ਯਾਦਗਾਰੀ ਤਸਵੀਰ ਉਸੇ ਮੇਲੇ ਦੀ ਹੈ। ਗੀਤਕਾਰ ਬਹੋਨੇ ਵਾਲਾ ਗਿੱਲ, ਸਵਰਨ ਆਪਣਾ ਤੇ ਪਿੱਛੇ ਮੈਂ ਵੀ ਹਾਜ਼ਰ ਹਾਂ ਤਸਵੀਰ ਵਿੱਚ। 

ਪੰਜਾਬ ਦੇ ਗਵਰਨਰ ਸੁਰਿੰਦਰ ਨਾਥ ਨੂੰ  ਲਾਲ ਚੰਦ ਯਮਲਾ ਜੱਟ ਜੀ ਦੀ ਬੀਮਾਰ ਪੁਰਸੀ ਲਈ ਡਿਪਟੀ ਕਮਿਸ਼ਨਰ ਸ ਸ ਚੰਨੀ, ਡੀ ਪੀਆਰ ਓ ਗੁਰਚਰਨ ਸਿੰਘ ਸੋਢੀ , ਸਤਿਬੀਰ ਸਿੰਘ ਸਿੱਧੂ ਪੰਜਾਬੀ ਟ੍ਰਿਬਿਊਨ ਵਾਲੇ ਸਵੇਰੇ ਸਵੇਰੇ ਲੈ ਕੇ ਗਏ ਸਾਂ। ਗਵਰਨਰ ਨੇ ਉਨ੍ਹਾਂ ਦੀਆਂ ਜ਼ਰੂਰਤਾਂ ਪੁੱਛੀਆਂ ਤਾਂ ਉਨ੍ਹਾਂ ਸਿਰਫ਼ ਲੈਂਡ ਲਾਈਨ ਟੈਲੀਫੋਨ ਲੁਆਉ ਕੇ ਦੇਣ ਲਈ ਹੀ ਕਿਹਾ, ਹੋਰ ਕੁਝ ਨਹੀਂ ਮੰਗਿਆ। ਗਵਰਨਰੀ ਰਾਜ ਸੀ ਉਦੋਂ ਕੁਝ ਵੀ ਮੰਗ ਸਕਦੇ ਸਨ ਪਰ ਉਸ ਦਰਵੇਸ਼ ਗਵੱਈਏ ਨੇ ਮੰਗਣ ਦੀ ਥਾਂ ਇਹੀ ਕਿਹਾ, “ ਮੇਰੇ ਘਰ ਆਏ ਹੋ, ਤੁਸੀਂ ਕੋਈ ਸੇਵਾ ਦੱਸੋ? ਉਸ ਗੀਤ ਸੁਣਨ ਦੀ ਮੰਗ ਕੀਤੀ। ਯਮਲਾ ਜੱਟ ਨੇ ਤੁੰਤ ਤੂੰਬੀ ਸੁਰ ਕੀਤੀ ਤੇ ਕਰਤਾਰ ਦੀ ਢੋਲਕ ਥਾਪ ਤੇ ਗੀਤ ਸੁਣਾਇਆ ਜੋ ਟੀ ਵੀ ਲਈ ਜਗਮੋਹਨ ਕੰਬੋਜ ਨੇ ਕੁਝ ਹਿੱਸਾ ਰੀਕਾਰਡ ਕਰਕੇ ਸ਼ਾਮ ਦੀਆਂ ਖ਼ਬਰਾਂ ਵਿੱਚ ਸੁਣਾਇਆ। 

ਕੁਝ ਦਿਨ ਪਹਿਲਾਂ ਹੀ ਤਾਂ ਆਪਣੇ ਪੋਤਰੇ ਸੁਰੇਸ਼ ਦੀ ਨੌਕਰੀ ਉਹ ਆਪਣੇ ਸ਼ਾਗਿਰਦ ਜਸਬੀਰ ਖੁਸ਼ਦਿਲ ਦੀ ਲਾਲ ਮਾਰੂਤੀ ਵੈਨ ਵਿੱਚ ਬਹਿ ਕੇ ਸਾਡੇ ਦਫ਼ਤਰ ਆਏ।  ਮੈਨੂੰ ਵੈਨ ਚ ਬੁਲਾਇਆ ਤੇ ਕਹਿਣ ਲੱਗੇ, ਡਾ. ਖੇਮ ਸਿੰਘ ਗਿੱਲ ਜੀ ਨੂੰ ਬੇਨਤੀ ਕਰੋ ਕਿ ਮੇਰੇ ਪੋਤਰੇ ਨੂੰ ਕੱਚਾ ਪੱਕਾ ਰੱਖ ਲਵੋ। ਉਹ ਪੋਤਰਾ ਅੱਜ ਵੀ ਬੇ ਰੋਜ਼ਗਾਰ ਹੈ। ਪੁੱਜ ਕੇ ਸੁਰੀਲਾ। ਜਦ ਮਿਲਦੈ ਮੈਂ ਨੀਵੀਂ ਪਾ ਲੈਦਾ ਹਾਂ। ਮੇਰੀ ਹਸਤੀ ਉਸ ਦਾ ਕੁਝ ਵੀ ਸੰਵਾਰਨ ਦੀ ਨਹੀਂ ਸੀ। ਯਮਲਾ ਜੱਟ ਜਿਸ ਦਿਨ ਗਏ ਓਦਣ ਰੱਜ ਕੇ ਮੀਂਹ ਪਿਆ। ਬੱਸ ਸਟੈਂਡ ਮਗਰਲੇ ਸਿਵਿਆਂ ਤੀਕ ਤੁਰਦਿਆਂ ਭਿੱਜਦਿਆਂ ਗਏ। ਯਾਦ ਗਲੀ ਵਿੱਚ ਅੱਧੀ ਰਾਤੀਂ ਉਸਤਾਦ ਜੀ ਮਿਲ ਗਏ।  ਸਵੇਰ ਸਾਰ ਗੁਰਦਾਸਪੁਰੋਂ ਉਨ੍ਹਾਂ ਦੇ ਸ਼ਾਗਿਰਦ ਨਿਰਮਲ ਸਿੰਘ ਨਿੰਮਾ ਨੇ ਉਨ੍ਹਾਂ ਦਾ ਰੀਕਾਰਡਡ ਗੀਤ ਮੇਰਾ ਰਸਤਾ ਰੋਕ ਨਾ ਗੋਰੀਏ ਭੇਜਿਆ ਤਾਂ ਸੋਚਿਆ ਬਾਪੂ ਨੂੰ ਚੇਤੇ ਕਰੀਏ, ਜਿਸ ਦੇ ਗੀਤਾਂ ਨੇ ਮੇਰੀ ਪੀੜੀ ਨੂੰ ਜਵਾਨ ਕੀਤਾ। ਉਨ੍ਹਾਂ ਦੇ ਗੁਰੂ ਨਾਨਕ ਦੇਵ ਜੀ ਬਾਰੇ ਲਿਖੇ ਗੀਤ ਵੀ ਪੇਸ਼ ਹਨ। 

ਲਾਲ ਚੰਦ ਯਮਲਾ ਜੱਟ ਦਾ ਜਨਮ ਅੰਦਾਜ਼ਨ 28 ਮਾਰਚ 1910 ਨੂੰ ਹੋਇਆ ਤੇ 20 ਦਸੰਬਰ 1991 ਨੂੰ ਅਲਵਿਦਾ ਕਹਿ ਗਏ। 

ਉਹ ਪਿੱਛੋਂ ਭਾਵੇਂ ਪਿੰਡ ਭਾਗੋਵਾਲ (ਸਿਆਲਕੋਟ) ਦੇ ਸਨ ਪਰ ਮਾਪਿਆਂ ਦੇ ਬਾਰਾਂ ਆਬਾਦ ਹੋਣ ਵੇਲੇ ਓਧਰ ਜਾਣ ਕਰਕੇ  ਜਨਮ ਚੱਕ ਨੰਬਰ 384 ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ । 

ਨੌਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਪੀਰ ਕਟੋਰੇ ਸ਼ਾਹ ਦੀ ਸਮਾਧ ਉੱਤੇ ਲੱਗਣ ਵਾਲੇ ਮੇਲੇ ਵਿਚ ਗਾਇਆ । ਵੀਹ ਸਾਲ ਦੀ ਉਮਰੇ 1930 ਵਿੱਚ ਉਨ੍ਹਾਂ ਨੇ ਲਾਇਲਪੁਰ ਰਹਿੰਦੇ ਪੰਡਿਤ ਸਾਹਿਬ ਦਿਆਲ ਜੀ ਸੂਦਕਾਂ ਦੇ ਨੰਗਲ ਵਾਲਿਆਂ ਨੂੰ ਉਸਤਾਦ ਧਾਰਨ ਕੀਤਾ ਤੇ ਉਨ੍ਹਾਂ ਤੋਂ ਢੋਲਕ ਤੇ ਦੋਤਾਰਾ ਸਿੱਖਿਆ। ਸਾਰੰਗਾ ਤੇ ਸਾਰੰਗੀ ਵਜਾਉਣੀ ਉਨ੍ਹਾਂ ਆਪਣੇ ਨਾਨੇ ਗੂੜ੍ਹਾ ਰਾਮ ਪਾਸੋਂ ਸਿੱਖ ਲਈ ।

1938 ਵਿੱਚ ਲਾਲ ਚੰਦ ਨੇ ਪੱਕੇ ਰਾਗਾਂ ਦੀ ਸਿੱਖਿਆ ਲੈਣ ਲਈ ਲਾਇਲਪੁਰ ਦੇ ਚੱਕ ਨੰ: ੨੨੪ ਫੱਤੇ ਦੀਨ ਵਾਲੇ ਪਿੰਡ ਦੇ ਚੌਧਰੀ ਮਜੀਦ ਨੂੰ ਗੁਰੂ ਧਾਰ ਲਿਆ ।

1947 ਵਿੱਚ ਦੇਸ਼ ਦੀ ਵੰਡ ਹੋ ਗਈ । ਲਾਲ ਚੰਦ ਯਮਲਾ ਜੱਟ ਆਪਣੇ ਸਮੁੱਚੇ ਪਰਿਵਾਰ ਸਮੇਤ ਏਧਰ ਲੁਧਿਆਣੇ ਆ ਗਿਆ । ਪਹਿਲਾਂ ਬਸਤੀ ਜੋਧੇਵਾਲ ਵਿੱਚ ਕੁਝ ਸਮਾਂ ਵਾਹੀ ਜੋਤੀ ਤੇ ਦਿਹਾੜੀ ਦੱਪਾ ਕੀਤਾ ਤੇ ਮਗਰੋਂ ਗੁਜਾਰੇ ਲਈ ਉਨ੍ਹਾਂ ਪੰਜਾਬੀ ਕਵੀ ਗਿਆਨੀ ਰਾਮ ਨਰੈਣ ਸਿੰਘ ਦਰਦੀ ਹੋਰਾਂ ਦੀ ਬਗੀਚੀ ਵਿੱਚ ਮਾਲੀ ਦੀ ਨੌਕਰੀ ਕਰ ਲਈ ।

ਜਦੋਂ ਦਰਦੀ ਜੀ ਦੇ ਵੱਡੇ ਪਿੱਤਰ ਗੁਣਵੰਤ ਸਿੰਘ ਦੂਆ ਨੇ ਲਾਲ ਚੰਦ ਹੋਰਾਂ ਨੂੰ ਨਿੱਕੀ ਜੇਹੀ ਤੂੰਬੀ ਵਜਾਉਂਦਿਆਂ ਸੁਣਿਆ ਤਾਂ ਉਨ੍ਹਾਂ ਦੀ ਗਾਇਨ ਕਲਾ ਦਾ ਪਤਾ ਦਰਦੀ ਜੀ ਨੂੰ ਲੱਗਿਆ। ਉਨ੍ਹਾਂ ਲਾਲ ਚੰਦ ਨੂੰ ਸੁਣਿਆ ਤੇ ਸਟੇਜ ਉੱਤੇ ਗਾਉਣ ਲਈ ਉਤਸਾਹਿਤ ਕਰਨ ਲਈ ਕਵੀ ਦਰਬਾਰਾਂ ਤੇ ਲਿਜਾਣ ਲੱਗ ਪਏ। ਕਿਲ੍ਹਾ ਰਾਏਪੁਰ ਖ਼ਾਲਸਾ ਸਕੂਲ ਦੀ ਗਰੁੱਪ ਫੋਟੋ ਲਗਪਗ ਚਾਲੀ ਪੰਜਾਹ ਸਾਲ ਪਹਿਲਾਂ ਮੈਂ ਦਰਦੀ ਜੀ ਦੀ ਪਤਨੀ ਤੇ ਯਮਲਾ ਜੱਟ ਦੀ ਗੁਰਮੁਖੀ ਸਿਖਾਉਣ ਵਾਲੀ ਉਸਤਾਦ ਪ੍ਹੋ. ਤੇਜ ਕੌਰ ਦਰਦੀ ਜੀ ਦੀ ਐਲਬਮ ਵਿੱਚ ਵੇਖੀ ਸੀ। ਉਹ ਮੇਰੇ ਵੀ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਪ੍ਰੋਫੈਸਰ ਰਹੇ। 

ਦਰਦੀ ਜੀ ਨੇ ਹੀ ਉਨ੍ਹਾਂ ਨੂੰ ਸ਼ਾਇਰੀ ਵਿੱਚ ਸੁੰਦਰ ਦਾਸ ਆਸੀ ਦਾ ਸ਼ਾਗਿਰਦ ਪਾਇਆ।  ਆਸੀ ਜੀ ਆਪ ਧਨੀ ਰਾਮ ਚਾਤ੍ਰਿਕ ਜੀ ਜੇ ਸ਼ਾਗਿਰਦ ਸਨ। ਚਾਤ੍ਰਿਕ ਜੀ ਭਾਈ ਵੀਰ ਸਿੰਘ ਜੀ ਦੇ ਚੇਲੇ ਤੇ ਵਜ਼ੀਰ ਹਿੰਦ ਪ੍ਰੈੱਸ ਵਿੱਚ ਕਾਮੇ ਸਨ। ਇਹ ਅੰਗਲੀ ਸੰਗਲ਼ੀ ਮੈਂ ਯਮਲਾ ਜੱਟ ਜੀ ਦੇ ਮੂੰਹੋਂ ਸੁਣੀ ਹੋਈ ਹੈ। 

ਜਦ ਉਨ੍ਹਾਂ ਆਕਾਸ਼ਵਾਣੀ ਜਲੰਧਰ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਉਹ ਸਾਰੇ ਦੇਸ਼ ਵਿਚ ਮਸ਼ਹੂਰ  ਹੋ ਗਏ ।ਉਨ੍ਹਾਂ ਆਪਣੇ ਲਿਖੇ ਹੋਏ ਗੀਤ ਹੀ ਗਾਏ ਜਾਂ ਲੋਕ-ਪ੍ਰਮਾਣਿਤ ਲੋਕ-ਗਾਥਾਵਾਂ ਨੂੰ ਗਾਇਆ । ਉਹ ਅਨਪੜ੍ਹ ਨਹੀਂ ਸਨ, ਅੱਖਰ ਗਿਆਨ ਤਾਂ ਸੀ ਪਰ ਲਿਖਣ ਵਿੱਚ ਬਹੁਤੀ ਮੁਹਾਰਤ ਨਾ ਹੋਣ ਕਾਰਨ ਗੀਤ ਆਪਣੇ ਸ਼ਾਗਿਰਦਾਂ ਤੋਂ ਲਿਖਵਾ ਲੈਂਦੇ ਸਨ। ਮੂੰਹ ਜ਼ੁਬਾਨੀ ਲਿਖਵਾਉਂਦੇ ਤੇ ਮਗਰੋਂ ਯਾਦ ਕਰ ਲੈਂਦੇ। 

ਉਨ੍ਹਾ ਦਾ ਪਹਿਲਾ ਸ਼ਾਗਿਰਦ ਅਕਾਲੀ ਨੇਤਾ ਸਵਰਗੀ ਕਿਰਪਾਲ ਸਿੰਘ ਭੋਲਾ ਸੀ। ਮਗਰੋਂ ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਅਮਰਜੀਤ ਸਿੰਘ ਗੁਰਦਾਸਪੁਰੀ , ਗਿਆਨ ਸਿੰਘ ਕੰਵਲ, ਮੇਰੇ ਪਿੰਡ ਬਸੰਤਕੋਟ ਵਾਲਾ ਹਰਦੇਵ ਖੁਸ਼ਦਿਲ, ਜਸਬੀਰ ਖੁਸ਼ਦਿਲ, ਅਮਰੀਕ ਸਿੰਘ ਗਾਜੀਨੰਗਲ, ਜਾਗੀਰ ਸਿੰਘ ਤਾਲਿਬ, ਅਮਰੀਕ ਸਿੰਘ ਦੱਤ, ਦਲਬੀਰ ਨਸ਼ਈ, ਜਸਦੇਵ ਤੇ ਜਸਵਿੰਦਰ ਯਮਲਾਜੱਟ, ਦੇਵਿੰਦਰ ਧਾਰੀਆ, ਸਵਰਨ ਸਿੰਘ ਆਪਣਾ ਯਮਲਾ ਜੱਟ, ਕਸ਼ਮੀਰ ਸਿੰਘ ਸ਼ੰਭੂ ਤੇ ਨਿਰਮਲ ਸਿੱਧੂ ਤੇ ਅਨੇਕਾਂ ਹੋਰ ਯਮਲਾ ਜੀ ਦੇ ਅਨੇਕਾਂ ਹੀ ਸ਼ਾਗਿਰਦ ਹੋਏ ਹਨ। ਨਿੰਦਰ ਘੁਗਿਆਣਵੀ ਉਨ੍ਹਾਂ ਦਾ ਆਖਰੀ ਸ਼ਾਗਿਰਦ ਸੀ ਜੋ  28ਹਾੜ 1988 ਵਿੱਚ ਨਿੱਕੀ ਉਮਰੇ ਸ. ਜਗਦੇਵ ਸਿੰਘ ਜੱਸੋਵਾਲ, ਅਮਰਜੀਤ ਗੁਰਦਾਸਪੁਰੀ ਤੇ ਮੇਰੀ ਹਾਜ਼ਰੀ ਵਿੱਚ ਸ਼ਾਗਿਰਦ ਪਿਆ। ਉਦੋਂ ਉਹ ਪੱਗ ਬੰਨ੍ਹਦਾ ਸੀ। 

ਗੱਲਾਂ ਨਹੀਂ ਮੁੱਕਣੀਂ ਕਦੇ, ਹਮੇਸ਼ਾਂ ਬੰਦਾ ਹੀ ਮੁੱਕਦਾ ਹੈ।  ਚਲੋ ਹੁਣ ਉਨ੍ਹਾਂ ਦੇ ਗੀਤ ਪੜ੍ਹੋ। 


ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ


ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ। 

ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ। 


ਭੁਲ ਭੁਲੇਖੇ ਮੁੜਕੇ ਫੇਰਾ ਪਾ ਜਾਵੀਂ। 

ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ। 

ਬਾਣੀ ਦੇ ਥਾਂ ਫ਼ੈਸ਼ਨ ਚੜ੍ਹੀ ਖ਼ੁਮਾਰੀ ਏ

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ


ਕੌਡੇ ਨਾਲੋਂ ਵਧ ਕੇ ਹੁਣ ਵੀ ਰਾਖਸ਼ ਨੇ। 

ਕੂੜ ਕਮਾਂਦੇ ਫਿਰਦੇ ਝੂਠੇ ਆਸ਼ਕ ਨੇ। 

ਛੱਡ ਜਾਣਾ ਨਿਹੁੰ ਲਾ ਕੇ ਕੀ ਦਿਲਦਾਰੀ ਏ ?

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ। 


ਤੇਰੇ ਲੇਖੇ ਬੰਦੇ ਆਦਮ ਖਾਣੇ ਨੇ। 

ਸੱਜਣ ਨਾਲੋਂ ਵਧ ਕੇ ਠੱਗ ਸਿਆਣੇ ਨੇ। 

ਸਧਨੇ ਦੇ ਹੱਥ ਮੁੜਕੇ ਫੜੀ ਕਟਾਰੀ ਏ। 

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ


ਭਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ। 

ਹੱਕ ਬਿਗਾਨਾ ਖਾਣਾ ਕੀ ਵਡਿਆਈ ਏ। 

ਅੱਜ ਉਹ ਮੌਜ ਉਡਾਵੇ ਜੋ ਹੰਕਾਰੀ ਏ। 

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ


ਤੂੰ ਦੁਖੀਆਂ ਲਈ ਖੇਤੀਂ ਹੱਲ ਚਲਾਂਦਾ ਸੈਂ। 

ਦਸਾਂ ਨੌਹਾਂ  ਦੀ ਕਿਰਤ ਕਮਾਈ ਖਾਂਦਾ ਸੈਂ। 

ਤਾਹੀਉਂ ਤੇਰੀ ਸ਼ੋਭਾ ਹਰ ਥਾਂ ਭਾਰੀ ਏ। 

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ


'ਜੱਟ' ਦੀ ਤਾਰ ਦੀਵਾਨੀ ਪਈ ਕੁਰਲਾਂਦੀ ਏ। 

ਆ ਦੁਨੀਆਂ ਦੇ ਵਾਲੀ ਤਰਲੇ ਪਾਂਦੀ ਏ। 

ਵਿਚ ਵਿਛੋੜੇ ਤੇਰੇ ਇਹ ਦੁਖਿਆਰੀ ਏ। 

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ। 

2.

ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ


ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ। 

ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ। 


ਜੇਲ੍ਹਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ। 

ਤੂੰ ਕਰਮ ਕਮਾਇਆ ਐਸਾ ਡੁੱਬਿਆਂ ਨੂੰ ਤਾਰਿਆ। 

ਤੂੰ ਆਕੜ ਭੰਨੀਂ ਦਾਤਾ ਬਾਬਰ ਸਰਕਾਰ ਦੀ। 

ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ


ਪਰਬਤ ਨੂੰ ਪੰਜਾ ਲਾ ਕੇ ਤੂੰ ਡਿਗਦਾ ਅਟਕਾ ਲਿਆ। 

ਵਲੀਆਂ ਦੇ ਵਲ਼ ਛਲ ਕੱਢ ਕੇ ਤੂੰ ਰਾਹੇ ਪਾ ਲਿਆ। 

ਤੇਰੀ ਬਾਣੀ ਦੇ ਵਿਚ ਬਾਬਾ ਹਰ ਬਾਤ ਵਿਚਾਰ ਦੀ। 

ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ


ਔਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ। 

ਤੇਰੀ ਦੀਦ ਦੀ ਖ਼ਾਤਿਰ ਬਾਬਾ ਅੱਖੀਆਂ ਮਜ਼ਬੂਰ ਨੇ। 

'ਯਮਲੇ ਜੱਟ' ਦੀ ਤੂੰਬੀ ਤੈਨੂੰ ਵਾਜਾਂ ਮਾਰਦੀ। 

ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ। 

3. 

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ


ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ। 

ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ। 


ਬੁੱਢੇ ਜੇਹੇ ਬਾਪ ਤੈਨੂੰ ਚਾਅਵਾਂ ਨਾਲ ਪਾਲਿਆ। 

ਸੁੰਦਰ ਜੁਆਨੀ ਵਿਚ ਬਚਪਨ ਢਾਲਿਆ। 

ਪਿਤਾ ਦੇ ਕਲੇਜੇ ਨੂੰ ਵੀ ਠੋਕਰਾਂ ਨਾ ਲਾ ਵੇ। 

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ। 


ਅੰਮੀਂ ਦੀਆਂ ਸੱਧਰਾਂ ਹੋਈਆਂ ਨਹੀਂਉਂ ਪੂਰੀਆਂ। 

ਭੈਣ ਦੀਆਂ ਆਸਾਂ ਅਜੇ ਪਈਆਂ ਨੀ ਅਧੂਰੀਆਂ। 

ਪਾ ਨਾ ਵਿਛੋੜਾ ਮੇਰਾ ਦਿਲ ਨਾ ਦੁਖਾ ਵੇ। 

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ


ਛੋਟੇ ਛੋਟੇ ਬਾਲ ਤੇਰੇ ਹੰਝੂ ਪਏ ਨੀ ਡੋਲ੍ਹਦੇ। 

ਪਿਤਾ ਕਿੱਥੇ ਚੱਲਿਆ ਏ ਅੰਮੀਂ ਤਾਈਂ ਬੋਲਦੇ। 

ਲਿਖੀ ਏ ਜੋ ਲੇਖਾਂ ਵਿਚ ਕਰਦਾ ਖ਼ੁਦਾ ਵੇ। 

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ। 


ਹੱਸ ਮੁੱਖੋਂ ਬਾਬਾ ਜੀ ਨੇ ਸਭ ਨੂੰ ਉਚਾਰਦੇ। 

ਝੂਠੇ ਨੇ ਪਿਆਰ ਏਥੇ ਕੁੱਲ ਸੰਸਾਰ ਦੇ। 

ਸੁਣ ਕੇ ਸੁਲੱਖਣੀ ਨੂੰ ਹੋ ਗਿਆ ਸ਼ੁਦਾ ਵੇ। 

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ। 


4. 

ਮੇਰਿਆ ਵੀਰਾ ਸ਼ਾਹੀ ਫ਼ਕੀਰਾ ਨਾਨਕ ਵੀਰਾ ਵੇ


ਭੈਣ ਨਾਨਕੀ ਵੀਰ ਦੀ ਤਾਂਘ ਅੰਦਰ

ਹੋ ਗਈ ਸੁੱਕ ਕੇ ਵਾਂਗਰਾਂ ਲੱਕੜੀ ਏ। 

ਮੋਤੀ ਹੰਝੂਆਂ ਦੇ ਅੱਖੋਂ ਕਿਰਨ ਲੱਗ ਪਏ ਛਲਕੀ ਦਿਲੋਂ ਪਿਆਰ ਦੀ ਸੱਚੜੀ  ਏ। 

ਬੰਦੇ ਬੰਦੇ ਦੀ ਜੇਹੜੀ ਪੁਆ ਗਿਆ ਸੈਂ

ਵੇ ਗਈ ਖੁਲ੍ਹ ਅੱਜ ਉਹ ਗਲਵੱਕੜੀ ਏ। 

ਉਜੜੇ ਖੇਤ ਵਸਾਵਣੇ ਵਾਲਿਆ ਵੇ

ਕਿ ਧਰਤੀ ਫੇਰ ਪੁਕਾਰਦੀ ਰੱਕੜੀ ਏ। 


ਅੱਖੀਆਂ ਦੇ ਵਿਚ ਨਚਦੇ ਫਿਰਦੇ ਤੇਰੇ ਚੋਜ ਨਿਰਾਲੇ। 

ਨੂਰੀ ਮੁੱਖੜਾ ਫੇਰ ਵਿਖਾ ਜਾ ਕਹਿੰਦੇ ਨਾਗ ਨੇ ਕਾਲੇ। 

ਦਿਲ ਤੇ ਪਿਆਰ ਦੀਆਂ ਜੋਤਾਂ ਫੇਰ ਜਗਾ। 

ਮੇਰਿਆ ਵੀਰਾ ,ਸ਼ਾਹੀ ਫ਼ਕੀਰਾ ਨਾਨਕ ਵੀਰਾ ਵੇ,

ਕਦੀ ਤੇ ਫੇਰਾ ਪਾ ਆ ਜਾ ਵੀਰਾ ਵੇ ਕਦੀ ਤੇ ਫੇਰਾ ਪਾ


ਅੱਜ ਤੇਰੀ ਤਲਵੰਡੀ ਵੀਰਾ ਤੈਨੂੰ ਪਈ ਪੁਕਾਰੇ। 

ਮੱਝੀਂ ਵੇਖਣ ਚੁਕ ਚੁਕ ਬੂਥੇ ਸਾਨੂੰ ਕਿਹੜਾ ਚਾਰੇ। 

ਦਿਲ ਦਿਆਂ ਜ਼ਖ਼ਮਾਂ ਤੇ ਆ ਪਿਆਰ ਦੀਆਂ ਮਰ੍ਹਮਾਂ ਲਾ

ਮੇਰਿਆ ਵੀਰਾ ਸ਼ਾਹੀ ਫ਼ਕੀਰਾ ਨਾਨਕ ਵੀਰਾ ਵੇ,ਕਦੀ ਤੇ ਫੇਰਾ ਪਾ ਆ ਜਾ ਵੀਰਾ ਵੇ ਕਦੀ ਤੇ ਫੇਰਾ ਪਾ


ਸੱਚੇ ਸੌਦੇ ਕਰਦਾ ਫਿਰਦੈਂ ਰਲ ਕੇ ਨਾਲ ਫ਼ਕੀਰਾਂ। 

ਭੁੱਖਿਆਂ ਤਾਈਂ ਫੇਰ ਖਲਾ ਜਾ ਪੂੜੇ ਹਲਵੇ ਖੀਰਾਂ। 

ਮੋਦੀ ਖਾਨੇ ਨੂੰ ਆ ਕੇ ਫੇਰ ਲੁਟਾ। 

ਮੇਰਿਆ ਵੀਰਾ ,ਸ਼ਾਹੀ ਫ਼ਕੀਰਾ ਨਾਨਕ ਵੀਰਾ ਵੇ, ਕਦੀ ਤੇ ਫੇਰਾ ਪਾ ਆ ਜਾ ਵੀਰਾ ਵੇ ਕਦੀ ਤੇ ਫੇਰਾ ਪਾ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.