ਤਾਜਾ ਖਬਰਾਂ
ਗੈਂਗਸਟਰ ਤੋਂ ਅੱਤਵਾਦੀ ਬਣੇ ਸਤਵਿੰਦਰ ਸਿੰਘ ਉਰਫ਼ ਗੋਲਡੀ ਬਰਾੜ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਉਣ ਲਈ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਵੱਡਾ ਕਦਮ ਚੁੱਕਿਆ ਹੈ। ਚੰਡੀਗੜ੍ਹ ਦੀ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਵਿਸ਼ੇਸ਼ ਜੱਜ ਭਾਵਨਾ ਜੈਨ ਨੇ ਬਰਾੜ ਨੂੰ ਭਾਰਤੀ ਸੁਰੱਖਿਆ ਜ਼ਾਬਤਾ 2023 ਦੀ ਧਾਰਾ 84 ਦੇ ਤਹਿਤ ਕਾਰਵਾਈ ਕਰਦੇ ਹੋਏ 30 ਦਿਨਾਂ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣ ਦਾ ਸਖ਼ਤ ਹੁਕਮ ਦਿੱਤਾ ਹੈ। ਜੇਕਰ ਉਹ ਨਿਰਧਾਰਤ ਸਮੇਂ ਵਿੱਚ ਪੇਸ਼ ਨਹੀਂ ਹੁੰਦਾ, ਤਾਂ ਉਸ ਨੂੰ ਰਸਮੀ ਤੌਰ 'ਤੇ ਭਗੌੜਾ (Proclaimed Offender) ਐਲਾਨ ਦਿੱਤਾ ਜਾਵੇਗਾ।
ਇਹ ਵੱਡੀ ਕਾਰਵਾਈ ਚੰਡੀਗੜ੍ਹ ਦੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੀ ਕੋਠੀ 'ਤੇ ਫਿਰੌਤੀ ਨਾ ਦੇਣ ਕਾਰਨ ਕਰਵਾਈ ਗਈ ਫਾਇਰਿੰਗ ਦੇ ਮਾਮਲੇ ਵਿੱਚ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪਹਿਲਾਂ ਵੀ ਗੋਲਡੀ ਬਰਾੜ ਖ਼ਿਲਾਫ਼ ਨਾ-ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ। ਇਸੇ ਕੇਸ ਵਿੱਚ ਐਨ.ਆਈ.ਏ. ਹੁਣ ਤੱਕ ਅੱਠ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਅਗਲੀ ਸੁਣਵਾਈ ਦੀ ਤਾਰੀਖ 27 ਫਰਵਰੀ ਨਿਰਧਾਰਤ ਕੀਤੀ ਗਈ ਹੈ।
ਕੇਸ ਦੀ ਪਿਛੋਕੜ
ਗੋਲਡੀ ਬਰਾੜ ਉੱਤੇ 20 ਜਨਵਰੀ 2024 ਨੂੰ ਚੰਡੀਗੜ੍ਹ ਵਿੱਚ ਇੱਕ ਵਪਾਰੀ ਦੇ ਅਗਵਾ ਦਾ ਮਾਮਲਾ ਦਰਜ ਹੋਇਆ ਸੀ।
ਐਨ.ਆਈ.ਏ. ਨੇ 8 ਮਾਰਚ 2024 ਨੂੰ ਇਸ ਮਾਮਲੇ ਨੂੰ ਆਪਣੇ ਹੱਥ ਲਿਆ ਸੀ।
ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸ਼ਘਾੜਾ ਹੈ।
ਬਰਾੜ, ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ, ਨੂੰ ਕੇਂਦਰ ਸਰਕਾਰ ਨੇ ਪਹਿਲਾਂ ਹੀ ਅੱਤਵਾਦੀ ਐਲਾਨਿਆ ਹੋਇਆ ਹੈ।
ਗੋਲਡੀ ਬਰਾੜ ਵਿਰੁੱਧ ਕਾਰੋਬਾਰੀ ਮਾਮਲੇ ਵਿੱਚ ਆਈ.ਪੀ.ਸੀ. ਦੀਆਂ ਧਾਰਾਵਾਂ ਜਿਵੇਂ ਕਿ 120 (ਅਪਰਾਧਿਕ ਸਾਜ਼ਿਸ਼), 336 (ਲਾਪਰਵਾਹੀ ਨਾਲ ਜਾਨ ਨੂੰ ਖ਼ਤਰਾ), 384 (ਜਬਰਦਸਤੀ) ਅਤੇ 506 (ਅਪਰਾਧਿਕ ਧਮਕੀ) ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਅਤੇ ਅਸਲਾ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
ਜੇਕਰ ਉਹ ਨਿਰਧਾਰਤ 30 ਦਿਨਾਂ ਵਿੱਚ ਪੇਸ਼ ਨਹੀਂ ਹੁੰਦਾ, ਤਾਂ ਕਾਨੂੰਨੀ ਪ੍ਰਕਿਰਿਆ ਤਹਿਤ ਉਸਦੀ ਸਾਰੀ ਜਾਇਦਾਦ ਜ਼ਬਤ (ਕੁਰਕ) ਕਰ ਲਈ ਜਾਵੇਗੀ। ਸੂਤਰਾਂ ਅਨੁਸਾਰ, ਗੋਲਡੀ ਬਰਾੜ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ (Extradition) ਲਈ ਕੂਟਨੀਤਕ ਅਤੇ ਕਾਨੂੰਨੀ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਹਨ।
ਗੋਲਡੀ ਬਰਾੜ ਦੀ ਕਾਨੂੰਨੀ ਪ੍ਰਕਿਰਿਆ ਵਿੱਚ ਇਹ ਵੱਡਾ ਮੋੜ ਹੈ। ਦੇਖਣਾ ਇਹ ਹੋਵੇਗਾ ਕਿ ਕੀ 30 ਦਿਨਾਂ ਦੀ ਸਮਾਂ-ਸੀਮਾ ਪੂਰੀ ਹੋਣ ਤੋਂ ਪਹਿਲਾਂ ਉਹ ਆਤਮ-ਸਮਰਪਣ ਕਰਦਾ ਹੈ ਜਾਂ ਨਹੀਂ।
Get all latest content delivered to your email a few times a month.