ਤਾਜਾ ਖਬਰਾਂ
ਚੰਡੀਗੜ੍ਹ, 07 ਜਨਵਰੀ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਦੋ ਵੱਖ ਵੱਖ ਮਾਮਲਿਆਂ ਵਿਚ ਪਟਿਆਲਾ ਦੇ ਐਸ.ਪੀ. ਅਤੇ ਡੀ.ਐਸ.ਪੀ ਸਿਟੀ 1 ਨੂੰ ਤਲਬ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਰਾਮ ਪ੍ਰਸ਼ਾਦ ਪੁੱਤਰ ਸ਼੍ਰੀ ਵਾਸਦੇਵ ਉਮਰ 70 ਸਾਲ ਵਾਸੀ ਪਿੰਡ ਬਲਬੇੜਾ ਜਿਲ੍ਹਾ ਅਤੇ ਤਹਿਸੀਲ ਪਟਿਆਲਾ ਨੇ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਲੜਕਾ ਗੁਰਤੇਜ ਸਿੰਘ ਦੁਕਾਨ ਤੇ ਕੰਮ ਕਰਦਾ ਅਤੇ ਮਿਤੀ 13-12-2025 ਨੂੰ ਉਹ ਕੰਮ ਤੇ ਗਿਆ ਅਤੇ ਉਨ੍ਹਾਂ ਨੂੰ ਉਸੇ ਦਿਨ ਸਵੇਰੇ 11 ਵਜੇ ਫੋਨ ਆਇਆ ਕਿ ਗੁਰਤੇਜ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮ੍ਰਿਤਕ ਦੇਹ ਮੋਰਚੂਰੀ ਵਿੱਚ ਰਖਵਾ ਦਿੱਤੀ ਸੀ। ਥਾਣਾ ਸਿਵਲ ਲਾਈਨ ਪਟਿਆਲਾ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀ ਕੀਤੀ, ਉਲਟ 174 ਦੀ ਕਾਰਵਾਈ ਕਰਕੇ ਸਾਨੂੰ ਕਿਹਾ ਕਿ ਇਨ੍ਹਾਂ ਦਾ ਸੰਸਕਾਰ ਕਰ ਦਿਓ। ਜਦੋ ਅਸੀ ਆਪ ਲੜਕੇ ਦੀ ਮ੍ਰਿਤਕ ਦੇਹ ਨੂੰ ਦੇਖਿਆ ਤਾਂ ਉਹ ਅੱਗ ਨਾਲ ਬੁਰੀ ਤਰ੍ਹਾਂ ਝੁਲਸੀ ਹੋਈ ਸੀ।
ਇਸ ਮਾਮਲੇ ਵਿਚ ਕਮਿਸ਼ਨ ਵਲੋਂ ਪਟਿਆਲਾ ਪੁਲਿਸ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਪ੍ਰੰਤੂ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਸਬੰਧੀ ਕਾਰਵਾਈ ਕਰਦਿਆਂ ਡੀ.ਐਸ.ਪੀ ਸਿਟੀ 1 ਪਟਿਆਲਾ ਸਤਨਾਮ ਸਿੰਘ ਨੂੰ ਮਿਤੀ 14 ਜਨਵਰੀ 2026 ਨੂੰ ਤਲਬ ਕੀਤਾ ਹੈ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਧਾਮੋ ਮਾਜਰਾ ਪਟਿਆਲਾ ਵਲੋਂ ਥਾਣੇਦਾਰ ਬਲਜੀਤ ਸਿੰਘ ਖਿਲਾਫ ਪੁਲਿਸ ਕੋਲ ਦਰਜ਼ ਮਾਮਲੇ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਕਾਰਵਾਈ ਅਮਲ ਵਿੱਚ ਨਾ ਲਿਆਉਣ ਦੇ ਮਾਮਲੇ ਵਿਚ ਪਟਿਆਲਾ ਜ਼ਿਲ੍ਹੇ ਦੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਐਸ.ਪੀ. ਸਵਰਨਜੀਤ ਕੌਰ ਨੂੰ 14 ਜਨਵਰੀ 2026 ਨੂੰ ਤਲਬ ਕੀਤਾ ਹੈ।
Get all latest content delivered to your email a few times a month.