ਤਾਜਾ ਖਬਰਾਂ
ਲੋਹੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਚਾਈਨਾ ਡੋਰ ਨਾਲ ਪਤੰਗਬਾਜ਼ੀ ਨਾ ਕਰਨ ਦੀ ਅਪੀਲ ਕੀਤੀ ਹੈ। ਨਾਵਲਟੀ ਚੌਂਕ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਬਲਿਕ ਸੇਫ਼ਟੀ ਪੁਲਿਸ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਨਸਾਨੀ ਜਾਨ ਦੀ ਰੱਖਿਆ ਕਰਨਾ ਸਾਡਾ ਮੁੱਖ ਫਰਜ਼ ਹੈ। ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਸਟ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਡਰੋਨ ਰਾਹੀਂ ਚਾਈਨਾ ਡੋਰ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਗਈ ਸੀ, ਜਿਸਦੇ ਕਾਫ਼ੀ ਵਧੀਆ ਨਤੀਜੇ ਸਾਹਮਣੇ ਆਏ। ਇਸ ਵਾਰ ਵੀ ਹਰਸਿਮਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਹ ਪਹਿਲ ਕੀਤੀ ਗਈ ਹੈ, ਜਿਸ ਲਈ ਉਨ੍ਹਾਂ ਨੇ ਟੀਮ ਨੂੰ ਵਧਾਈ ਅਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟੂ-ਵੀਲਰ ਵਾਹਨਾਂ ਉੱਤੇ ਲਗਾਏ ਜਾਣ ਵਾਲੇ ਮੈਟਲ ਸੇਫ਼ਟੀ ਨੈਕ ਸੇਵਰ (ਰਿੰਗਸ) ਚਾਈਨਾ ਡੋਰ ਤੋਂ ਬਚਾਅ ਲਈ ਇੱਕ ਮਹੱਤਵਪੂਰਨ ਕਦਮ ਹਨ, ਜੋ ਅਚਾਨਕ ਡੋਰ ਉਲਝਣ ਦੀ ਸਥਿਤੀ ਵਿੱਚ ਸਵਾਰ ਨੂੰ ਬਚਣ ਲਈ ਸਮਾਂ ਦਿੰਦੇ ਹਨ। ਅੰਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ 2024 ਤੋਂ 2026 ਦੀ ਸ਼ੁਰੂਆਤ ਤੱਕ ਚਾਈਨਾ ਡੋਰ ਸਬੰਧੀ 24 ਕੇਸ ਦਰਜ ਕੀਤੇ ਗਏ ਹਨ, 28 ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਅਤੇ 4276 ਗੱਟੂ ਬਰਾਮਦ ਕੀਤੇ ਗਏ ਹਨ। ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚਾਈਨਾ ਡੋਰ ਸਿਰਫ਼ ਇਨਸਾਨਾਂ ਲਈ ਹੀ ਨਹੀਂ, ਸਗੋਂ ਬੱਚਿਆਂ ਅਤੇ ਬੇਜ਼ੁਬਾਨ ਜਾਨਵਰਾਂ ਲਈ ਵੀ ਵੱਡਾ ਖ਼ਤਰਾ ਹੈ। ਆਖ਼ਰ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸ਼ੌਕ ਪੂਰੇ ਕਰੋ ਪਰ ਸਮਾਜ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਖ਼ਤਰੇ ਵਿੱਚ ਨਾ ਪਾਓ।
Get all latest content delivered to your email a few times a month.