ਤਾਜਾ ਖਬਰਾਂ
ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਰਾਜਨੀਤਿਕ ਹਲਚਲ ਉਸ ਵੇਲੇ ਤੇਜ਼ ਹੋ ਗਈ, ਜਦੋਂ ਆਮ ਆਦਮੀ ਪਾਰਟੀ (AAP) ਦੇ ਹਲਕਾ ਇੰਚਾਰਜ ਅਤੇ 2022 ਦੇ ਵਿਧਾਨ ਸਭਾ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੰਧੂ ਦੀ ਇਸ ਘਰ ਵਾਪਸੀ ਨੂੰ ਅਕਾਲੀ ਦਲ ਲਈ ਵੱਡਾ ਹੁੰਗਾਰਾ ਅਤੇ AAP ਲਈ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਮਿੰਦਰ ਸਿੰਘ ਸੰਧੂ ਦਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸੰਧੂ ਇੱਕ ਜ਼ਮੀਨੀ ਪੱਧਰ ਦਾ ਸੰਘਰਸ਼ੀ ਅਤੇ ਨੌਜਵਾਨ ਆਗੂ ਹੈ, ਜੋ ਚੱਬੇਵਾਲ ਹਲਕੇ ਵਿੱਚ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹੰਮ ਭੂਮਿਕਾ ਨਿਭਾਏਗਾ।
ਜ਼ਿਕਰਯੋਗ ਹੈ ਕਿ ਹਰਮਿੰਦਰ ਸਿੰਘ ਸੰਧੂ ਨੇ 2022 ਦੀ ਵਿਧਾਨ ਸਭਾ ਚੋਣ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੜੀ ਸੀ, ਜਿਸ ਵਿੱਚ ਉਨ੍ਹਾਂ ਨੂੰ ਲਗਭਗ 40 ਹਜ਼ਾਰ ਵੋਟਾਂ ਮਿਲੀਆਂ ਸਨ। ਹਾਲਾਂਕਿ ਉਹ ਕਾਂਗਰਸ ਦੇ ਉਮੀਦਵਾਰ ਡਾ. ਰਾਜ ਕੁਮਾਰ ਤੋਂ ਹਾਰ ਗਏ ਸਨ। ਬਾਅਦ ਵਿੱਚ ਡਾ. ਰਾਜ ਕੁਮਾਰ ਦੇ ਕਾਂਗਰਸ ਛੱਡ ਕੇ AAP ਵਿੱਚ ਸ਼ਾਮਲ ਹੋਣ ਅਤੇ ਲੋਕ ਸਭਾ ਚੋਣ ਲੜਨ ਤੋਂ ਬਾਅਦ ਹੋਈ ਜ਼ਿਮਨੀ ਚੋਣ ਦੌਰਾਨ ਵੀ ਸੰਧੂ ਨੂੰ ਟਿਕਟ ਨਾ ਮਿਲੀ, ਜਿਸ ਕਾਰਨ ਉਹ ਪਾਰਟੀ ਅੰਦਰ ਨਿਰਾਸ਼ ਸਨ।
ਪਾਰਟੀ ਛੱਡਣ ਤੋਂ ਪਹਿਲਾਂ ਹਰਮਿੰਦਰ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਸੰਧੂ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਲੰਮੇ ਸਮੇਂ ਤੱਕ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਯੋਗ ਮਾਣ-ਸਤਿਕਾਰ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਨੇ ਇਹ ਫੈਸਲਾ ਲਿਆ।
ਦੱਸਣਯੋਗ ਹੈ ਕਿ ਹਰਮਿੰਦਰ ਸਿੰਘ ਸੰਧੂ ਦਾ ਪਰਿਵਾਰਕ ਪਿਛੋਕੜ ਅਕਾਲੀ ਦਲ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਪਿਤਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਅਤੇ ਸਰਗਰਮ ਆਗੂ ਰਹੇ ਹਨ। ਸੰਧੂ ਨੇ ਖੁਦ 2017 ਵਿੱਚ ਅਕਾਲੀ ਦਲ ਛੱਡ ਕੇ AAP ਦੀ ਟਿਕਟ ‘ਤੇ ਚੋਣ ਲੜੀ ਸੀ, ਪਰ ਹੁਣ ਇੱਕ ਵਾਰ ਫਿਰ ਉਹ ਅਕਾਲੀ ਪਰਿਵਾਰ ਵਿੱਚ ਵਾਪਸ ਆ ਗਏ ਹਨ।
ਇਸ ਮੌਕੇ ‘ਤੇ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਜਥੇਬੰਦੀ ਦੀ ਸਿਫਾਰਸ਼ ‘ਤੇ ਹਰਮਿੰਦਰ ਸਿੰਘ ਸੰਧੂ ਨੂੰ ਚੱਬੇਵਾਲ ਵਿਧਾਨ ਸਭਾ ਹਲਕੇ ਦਾ ਅਕਾਲੀ ਦਲ ਹਲਕਾ ਇੰਚਾਰਜ ਨਿਯੁਕਤ ਕੀਤਾ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸੰਧੂ ਪਾਰਟੀ ਦੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।
Get all latest content delivered to your email a few times a month.