ਤਾਜਾ ਖਬਰਾਂ
ਚੰਡੀਗੜ੍ਹ, 6 ਜਨਵਰੀ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸਿਰਫ਼ ਗਿੱਦੜਬਾਹਾ ਤੋਂ ਹੀ ਵਿਧਾਨ ਸਭਾ ਚੋਣ ਲੜਨ ਅਤੇ ਉਹ (ਵੜਿੰਗ) ਖੁਦ ਉਨ੍ਹਾਂ ਦੇ ਮੁਕਾਬਲੇ ਚੋਣ ਲੜਨਗੇ।
ਵੜਿੰਗ ਨੇ ਸੁਖਬੀਰ ਵੱਲੋਂ ਗਿੱਦੜਬਾਹਾ ਤੋਂ ਅਗਲੀ ਵਿਧਾਨ ਸਭਾ ਚੋਣ ਲੜਨ ਦੇ ਐਲਾਨ ‘ਤੇ ਪ੍ਰਤੀਕਿਰਿਆ ਦਿੰਦਿਆਂ, ਕਿਹਾ ਹੈ ਕਿ ਜੇਕਰ ਸੁਖਬੀਰ ਨੂੰ ਇੰਨਾ ਹੀ ਭਰੋਸਾ ਹੈ, ਤਾਂ ਉਹ ਲੰਬੀ ਅਤੇ ਜਲਾਲਾਬਾਦ ਵਰਗੇ ਹੋਰ ਹਲਕਿਆਂ ਦੀ ਬਜਾਏ ਸਿਰਫ਼ ਗਿੱਦੜਬਾਹਾ ਤੋਂ ਹੀ ਚੋਣ ਲੜਨ।
ਇਸੇ ਤਰ੍ਹਾਂ, ਵੜਿੰਗ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਦੀ ਕਾਰਗੁਜ਼ਾਰੀ ਬਾਰੇ ਸੁਖਬੀਰ ਦੇ ਗੁਮਰਾਹਕੁੰਨ ਦਾਅਵਿਆਂ ‘ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਮੁਕਤਸਰ ਅਤੇ ਬਠਿੰਡਾ ਵਿੱਚ ਕੁਝ ਸੀਟਾਂ ਤੋਂ ਇਲਾਵਾ, ਸੂਬੇ ਭਰ ਵਿੱਚ ਅਕਾਲੀ ਦਲ ਦਾ ਸਫਾਇਆ ਹੋ ਗਿਆ ਸੀ। ਇੱਥੋਂ ਤੱਕ ਕਿ 11 ਜ਼ਿਲ੍ਹਿਆਂ ਵਿੱਚ ਅਕਾਲੀ ਦਲ ਖਾਤਾ ਵੀ ਨਹੀਂ ਖੋਲ੍ਹ ਸਕਿਆ ਸੀ। ਫਿਰ ਵੀ ਸੁਖਬੀਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਦੂਜੇ ਨੰਬਰ ‘ਤੇ ਰਹੀ ਸੀ।
ਸੂਬਾ ਕਾਂਗਰਸ ਪ੍ਰਧਾਨ ਨੇ ਸੁਖਬੀਰ ਤੋਂ ਸਵਾਲ ਕੀਤਾ ਕਿ ਜੇਕਰ ਪਾਰਟੀ ਦੀ ਕਾਰਗੁਜ਼ਾਰੀ ਇੰਨੀ ਸ਼ਾਨਦਾਰ ਸੀ, ਤਾਂ ਫਿਰ ਇਹ ਅਤੇ ਇਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਨ ਲਈ ਇੰਨੀ ਉਤਾਵਲੇ ਕਿਉਂ ਹਨ, ਜਦਕਿ ਭਾਜਪਾ ਰੋਜ਼ਾਨਾ ਅਕਾਲੀਆਂ ਦੀਆਂ ਪੇਸ਼ਕਸ਼ਾਂ ਨੂੰ ਨਕਾਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਮਨਰੇਗਾ ਦੇ ਮੁੱਦੇ ‘ਤੇ ਵੀ ਪਿੱਛੇ ਹੱਟ ਗਏ ਹਨ। ਸੰਸਦ ਵਿੱਚ ਸ਼ੁਰੂ ਵਿੱਚ ਅਕਾਲੀ ਦਲ ਦੀ ਇਕਲੌਤੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਨਰੇਗਾ ਖ਼ਤਮ ਕਰਨ ਦੇ ਵਿਰੋਧ ਵਿੱਚ ਵਿਰੋਧੀ ਧਿਰਾਂ ਦਾ ਸਾਥ ਦਿੱਤਾ ਸੀ, ਲੇਕਿਨ ਕੁਝ ਸਮੇਂ ਬਾਅਦ ਹੀ ਭਾਜਪਾ ਨੂੰ ਨਾਰਾਜ਼ ਕਰਨ ਦੇ ਡਰ ਨਾਲ ਪਾਰਟੀ ਪਿੱਛੇ ਹਟ ਗਈ।
ਵੜਿੰਗ ਨੇ ਸੁਖਬੀਰ ਨੂੰ ਪੁੱਛਿਆ ਕਿ ਕੀ ਤੁਸੀਂ ਭਾਜਪਾ ਨਾਲ ਗਠਜੋੜ ਕਰਨ ਦੇ ਆਪਣੇ ਏਜੰਡੇ ਬਾਰੇ ਸਪਸ਼ਟ ਕਰੋਗੇ, ਜਿਵੇਂ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ, ਚੰਡੀਗੜ੍ਹ ਦਾ ਟਰਾਂਸਫਰ ਅਤੇ ਮਨਰੇਗਾ?
ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ ਸ਼ਾਸਨ ਦੌਰਾਨ ਹੋਈ ਬੇਅਦਬੀ ਦੀ ਘਿਨੌਣੀ ਘਟਨਾਵਾਂ ਨੂੰ ਨਾ ਭੁੱਲੇ ਹਨ ਅਤੇ ਨਾ ਹੀ ਮੁਆਫ ਕੀਤਾ ਹੈ, ਜਿਸ ਲਈ ਸੁਖਬੀਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੁਆਫੀ ਵੀ ਮੰਗੀ ਸੀ।
Get all latest content delivered to your email a few times a month.