ਤਾਜਾ ਖਬਰਾਂ
ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਅਧੀਨ ਪੈਂਦੇ ਪਿੰਡ ਮਾਣੂੰਕੇ ਵਿੱਚ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਥਾਣਾ ਹਠੂਰ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ 32 ਸਾਲਾ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਮੁੱਖ ਦੋਸ਼ੀ ਸਮੇਤ ਕਈ ਰਾਊਂਡਅੱਪ, ਅੱਜ ਹੋ ਸਕਦੀ ਹੈ ਪ੍ਰੈੱਸ ਕਾਨਫਰੰਸ
ਪੁਲਿਸ ਨੇ ਮੁਲਜ਼ਮ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਇਸ ਮਾਮਲੇ ਦਾ ਮੁੱਖ ਦੋਸ਼ੀ ਗੁਰਸੇਵਕ ਸਿੰਘ ਮੋਟੂ ਅਜੇ ਵੀ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟੂ ਨੇ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਕਈ ਮੁੰਡੇ ਬੁਲਾ ਕੇ ਫਾਇਰਿੰਗ ਕਰਵਾਈ ਸੀ।
ਪੁਲਿਸ ਨੇ ਮੁੱਖ ਦੋਸ਼ੀ ਅਤੇ ਹੋਰ ਸ਼ਾਮਲ ਵਿਅਕਤੀਆਂ ਨੂੰ ਫੜਨ ਲਈ ਕਈ ਮੁੰਡਿਆਂ ਨੂੰ ਰਾਊਂਡਅੱਪ ਕੀਤਾ ਹੈ। ਸੂਤਰਾਂ ਅਨੁਸਾਰ, ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਪੁਲਿਸ ਅੱਜ ਪ੍ਰੈੱਸ ਕਾਨਫਰੰਸ ਵੀ ਕਰ ਸਕਦੀ ਹੈ।
ਸਿਆਸੀ ਪ੍ਰਤੀਕਰਮ: ਵਿਧਾਇਕ ਨੇ ਗੁੰਡਾਗਰਦੀ ਬਰਦਾਸ਼ਤ ਨਾ ਕਰਨ ਦੀ ਦਿੱਤੀ ਚਿਤਾਵਨੀ
ਇਸ ਦਰਦਨਾਕ ਘਟਨਾ 'ਤੇ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆਏ ਹਨ:
ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪੁਲਿਸ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਦਿਨ-ਰਾਤ ਇੱਕ ਕਰਕੇ ਗਗਨਦੀਪ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ। ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਲੈ ਕੇ 'ਆਪ' ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਜਗਰਾਉਂ ਕਤਲ ਸਮੇਤ ਕਪੂਰਥਲਾ, ਮੋਗਾ ਅਤੇ ਅੰਮ੍ਰਿਤਸਰ ਵਿੱਚ ਹੋਏ ਤਾਜ਼ਾ ਕਤਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਘਟਨਾਵਾਂ 'ਆਪ' ਸਰਕਾਰ ਅਧੀਨ ਵਧਦੀ ਗੈਂਗਸਟਰ ਦਲੇਰੀ ਅਤੇ ਗੰਭੀਰ ਕਾਨੂੰਨ ਵਿਵਸਥਾ ਸੰਕਟ ਨੂੰ ਦਰਸਾਉਂਦੀਆਂ ਹਨ।
ਸਾਬਕਾ ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
Get all latest content delivered to your email a few times a month.