ਤਾਜਾ ਖਬਰਾਂ
ਚੰਡੀਗੜ੍ਹ, 5 ਜਨਵਰੀ:
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਦੇ 16ਵੇਂ ਕੋਰਸ ਲਈ ਦਾਖ਼ਲਾ ਪ੍ਰੀਖਿਆ ਵਿੱਚ ਕੁੱਲ 3,256 ਲੜਕੇ ਬੈਠੇ। ਇਹਨਾਂ ਵਿੱਚੋਂ 48 ਉਮੀਦਵਾਰਾਂ ਨੂੰ ਸੰਸਥਾ ਵਿੱਚ ਦੋ ਸਾਲਾਂ ਦੇ ਸਿਖਲਾਈ ਪ੍ਰੋਗਰਾਮ ਲਈ ਚੁਣਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਆਰਮਡ ਫੋਰਸਿਜ਼ ਟ੍ਰੇਨਿੰਗ ਅਕੈਡਮੀਆਂ ਵਿੱਚ ਦਾਖਲੇ ਲਈ ਤਿਆਰ ਕੀਤਾ ਜਾ ਸਕੇ, ਜਿਸ ਨਾਲ ਉਨ੍ਹਾਂ ਦਾ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਦਾ ਰਾਹ ਪੱਧਰਾ ਹੋਵੇਗਾ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਹੇਠ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਚਲਾਈ ਜਾ ਰਹੀ ਇਸ ਵੱਕਾਰੀ ਸੰਸਥਾ ਦਾ ਸ਼ਾਨਦਾਰ ਰਿਕਾਰਡ ਰਿਹਾ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਇਸ ਸੰਸਥਾ ਦੇ 100 ਕੈਡਿਟ ਐਨ.ਡੀ.ਏ./ਬਰਾਬਰ ਦੀਆਂ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ ਅਤੇ 84 ਕੈਡਿਟ ਭਾਰਤ ਦੇ ਰੱਖਿਆ ਬਲਾਂ ਵਿੱਚ ਕਮਿਸ਼ਨਡ ਅਫਸਰ ਬਣੇ ਹਨ।
ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀ.ਐਸ.ਐਮ. (ਸੇਵਾਮੁਕਤ), ਨੇ ਕਿਹਾ ਕਿ ਇਹ ਦਾਖਲਾ ਪ੍ਰੀਖਿਆ ਚਾਰ ਕੇਂਦਰਾਂ, ਸਕੂਲ ਆਫ਼ ਐਮੀਨੈਂਸ (ਫੇਜ਼-11 ਅਤੇ ਫੇਜ਼-3ਬੀ1, ਮੋਹਾਲੀ), ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਅਤੇ ਲਾਰਡ ਰਾਮਾ ਪਬਲਿਕ ਸਕੂਲ, ਬਠਿੰਡਾ ਵਿਖੇ ਕਰਵਾਈ ਗਈ। ਸੀ-ਡੈਕ ਵੱਲੋਂ ਕਰਵਾਈ ਗਈ ਇਸ ਪ੍ਰੀਖਿਆ ਰਾਹੀਂ ਸੰਸਥਾ ਵਿੱਚ ਦੋ ਸਾਲਾਂ ਦੀ ਸਖ਼ਤ ਸਿਖਲਾਈ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਡਿਫੈਂਸ ਅਕੈਡਮੀਆਂ ਲਈ ਤਿਆਰ ਕੀਤਾ ਜਾ ਸਕੇ।
ਮੇਜਰ ਜਨਰਲ ਅਜੈ ਐਚ ਚੌਹਾਨ ਨੇ ਦੱਸਿਆ ਕਿ ਇਹਨਾਂ ਵਿੱਚੋਂ ਚੋਟੀ ਦੇ 150 ਉਮੀਦਵਾਰਾਂ ਨੂੰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਤੋਂ ਬਾਅਦ ਇੰਟਰਵਿਊ ਅਤੇ ਮੈਡੀਕਲ ਟੈਸਟ ਲਈ ਬੁਲਾਇਆ ਜਾਵੇਗਾ ਅਤੇ ਇਹਨਾਂ ਵਿੱਚੋਂ 48 ਉਮੀਦਵਾਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਦੋ ਸਾਲਾਂ ਦੇ ਸਿਖਲਾਈ ਕੋਰਸ ਲਈ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨੂੰ ਤਜਰਬੇਕਾਰ ਫੈਕਲਟੀ ਵੱਲੋਂ ਸਿਖਲਾਈ ਦਿੱਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਨੂੰ ਅਕਾਦਮਿਕ, ਫਿਜ਼ੀਕਲ ਟਰੇਨਿੰਗ ਅਤੇ ਲੀਡਰਸ਼ਿਪ ਹੁਨਰ ਸਿਖਾਏ ਜਾਣਗੇ। ਇਹ ਪੰਜਾਬ ਦੇ ਨੌਜਵਾਨਾਂ ਲਈ ਦੇਸ਼ ਦੀ ਸੇਵਾ ਕਰਨ ਦਾ ਇੱਕ ਬਿਹਤਰੀਨ ਮੌਕਾ ਹੈ।
Get all latest content delivered to your email a few times a month.