ਤਾਜਾ ਖਬਰਾਂ
ਜਲੰਧਰ ਕੈਂਟ ਦੇ ਸਬਜ਼ੀ ਮੰਡੀ ਰੋਡ ’ਤੇ ਸ਼ਾਮ ਸਮੇਂ ਲੁੱਟ ਦੀ ਇੱਕ ਵੱਡੀ ਵਾਰਦਾਤ ਨੇ ਇਲਾਕੇ ’ਚ ਦਹਿਸ਼ਤ ਫੈਲਾ ਦਿੱਤੀ। ਬਾਈਕ ’ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਦਿੱਲੀ ਤੋਂ ਆਏ ਮਾਰਬਲ ਵਪਾਰੀ ਸ਼ੰਕਰ ਸਿੰਘ ਦੀ ਪਤਨੀ ਸ਼ਾਲੂ ਤੋਂ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਸੋਨੇ ਦੇ ਗਹਿਣਿਆਂ ਨਾਲ ਭਰਿਆ ਪਰਸ ਛੀਨ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ, ਪਰਸ ਵਿੱਚ ਲਗਭਗ ₹1.50 ਲੱਖ ਨਕਦੀ ਅਤੇ ਕਰੀਬ 35 ਤੋਲੇ (ਲਗਭਗ 350 ਗ੍ਰਾਮ) ਸੋਨੇ ਦੇ ਗਹਿਣੇ ਸਨ, ਜਿਨ੍ਹਾਂ ਦੀ ਅੰਦਾਜ਼ੀ ਕੀਮਤ ₹50 ਤੋਂ ₹55 ਲੱਖ ਦਰਮਿਆਨ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪਰਸ ਵਿੱਚ ਕਈ ਅਹਿਮ ਦਸਤਾਵੇਜ਼ ਵੀ ਮੌਜੂਦ ਸਨ।
ਘਟਨਾ 4 ਜਨਵਰੀ ਦੀ ਸ਼ਾਮ ਕਰੀਬ 7:50 ਤੋਂ 8:15 ਵਜੇ ਦੇ ਵਿਚਕਾਰ ਵਾਪਰੀ, ਜਦੋਂ ਸ਼ੰਕਰ ਸਿੰਘ ਆਪਣੀ ਪਤਨੀ ਸਮੇਤ ਸਬਜ਼ੀ ਮੰਡੀ ਰੋਡ ਤੋਂ ਆਟੋ ਪਾਰਕਿੰਗ ਵੱਲ ਜਾ ਰਹੇ ਸਨ। ਇੱਕ ਢਾਬੇ ਦੇ ਨੇੜੇ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਬਾਈਕ ’ਤੇ ਸਵਾਰ ਦੋ ਨੌਜਵਾਨਾਂ ਨੇ ਸ਼ਾਲੂ ਦੇ ਮੋਢੇ ’ਤੇ ਟੰਗਿਆ ਪਰਸ ਝਪਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਹਨੇਰਾ ਹੋਣ ਕਾਰਨ ਪੀੜਤ ਬਾਈਕ ਦਾ ਨੰਬਰ ਨੋਟ ਨਹੀਂ ਕਰ ਸਕੇ।
ਪੀੜਤ ਸ਼ੰਕਰ ਸਿੰਘ ਨੇ ਦੱਸਿਆ ਕਿ ਉਹ 31 ਦਸੰਬਰ ਨੂੰ ਆਪਣੀ ਭੈਣ ਸੁਸ਼ੀਲਾ ਦੇਵੀ, ਜੋ ਨਿਊ ਡਿਫੈਂਸ ਕਾਲੋਨੀ, ਸੰਸਾਰਪੁਰ (ਜਲੰਧਰ ਕੈਂਟ) ਦੀ ਰਹਿਣ ਵਾਲੀ ਹੈ, ਨੂੰ ਮਿਲਣ ਲਈ ਪੰਜਾਬ ਆਏ ਸਨ। 1 ਜਨਵਰੀ ਨੂੰ ਪਰਿਵਾਰਕ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਮਗਰੋਂ ਉਹ ਹਿਮਾਚਲ ਪ੍ਰਦੇਸ਼ ਘੁੰਮਣ ਚਲੇ ਗਏ ਅਤੇ 4 ਜਨਵਰੀ ਨੂੰ ਖਰੀਦਦਾਰੀ ਲਈ ਮੁੜ ਜਲੰਧਰ ਕੈਂਟ ਪਹੁੰਚੇ ਸਨ।
ਇਹ ਪੂਰੀ ਵਾਰਦਾਤ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਲੁੱਟੇਰੇ ਵਾਰਦਾਤ ਤੋਂ ਬਾਅਦ ਬਾਈਕ ’ਤੇ ਭੱਜਦੇ ਹੋਏ ਨਜ਼ਰ ਆ ਰਹੇ ਹਨ। ਪੀੜਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਸ਼ਾਲੂ ਦੇ ਬਿਆਨਾਂ ਦੇ ਆਧਾਰ ’ਤੇ BNS ਦੀਆਂ ਧਾਰਾਵਾਂ 304 ਅਤੇ 3(5) ਤਹਿਤ FIR ਨੰਬਰ 4 ਦਰਜ ਕਰ ਲਈ ਹੈ।
ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਲੁੱਟੇਰਿਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Get all latest content delivered to your email a few times a month.