ਤਾਜਾ ਖਬਰਾਂ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇ ਕਲਾਂ ਵਿੱਚ ਅੱਜ ਸਵੇਰੇ ਗੁਰਦੁਆਰਾ ਸਾਹਿਬ ਤੋਂ ਸਜੇ ਨਗਰ ਕੀਰਤਨ ਦੌਰਾਨ ਉਸ ਸਮੇਂ ਤਣਾਅਪੂਰਨ ਹਾਲਾਤ ਬਣ ਗਏ ਜਦੋਂ ਟਰੈਕਟਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਹ ਵਿਵਾਦ ਕੁਝ ਹੀ ਸਮੇਂ ਵਿੱਚ ਹਿੰਸਕ ਰੂਪ ਧਾਰਨ ਕਰ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਇਸ ਝੜਪ ਦੌਰਾਨ ਦੋ ਨੌਜਵਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਇੱਕ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਪਿਛਲੇ ਕਰੀਬ 25 ਤੋਂ 30 ਸਾਲਾਂ ਤੋਂ ਕਥਿਤ ਤੌਰ ‘ਤੇ ਨਜਾਇਜ ਕਬਜਾ ਕੀਤਾ ਹੋਇਆ ਹੈ। ਇਸ ਪਰਿਵਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ 2018 ਵਿੱਚ ਵੀ ਤਕਰਾਰ ਹੋ ਚੁੱਕੀ ਹੈ, ਜਿਸ ਦੌਰਾਨ ਪਰਿਵਾਰ ਨੇ 2021 ਤੱਕ ਜ਼ਮੀਨ ਖਾਲੀ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਕਬਜਾ ਨਹੀਂ ਛੱਡਿਆ ਗਿਆ।
ਅੱਜ ਨਗਰ ਕੀਰਤਨ ਮੌਕੇ, ਇਸ ਪਰਿਵਾਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਦੀ ਸਹਿਮਤੀ ਨਾਲ ਆਪਣਾ ਟਰੈਕਟਰ ਪਾਲਕੀ ਸਾਹਿਬ ਦੇ ਅੱਗੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ‘ਤੇ ਪਿੰਡ ਵਾਸੀਆਂ ਨੇ ਸਖ਼ਤ ਐਤਰਾਜ਼ ਜਤਾਇਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਕੀਤਾ ਗਿਆ ਕਬਜਾ ਨਹੀਂ ਛੱਡਿਆ ਜਾਂਦਾ, ਤਦ ਤੱਕ ਟਰੈਕਟਰ ਨਗਰ ਕੀਰਤਨ ਵਿੱਚ ਸ਼ਾਮਲ ਨਹੀਂ ਹੋ ਸਕਦਾ।
ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਣਾਅ ਵਧ ਗਿਆ ਅਤੇ ਕਥਿਤ ਤੌਰ ‘ਤੇ ਕਬਜਾਧਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਪਿੰਡ ਵਾਸੀਆਂ ‘ਤੇ ਹਮਲਾ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਿੱਚ ਭਾਰੀ ਰੋਸ ਦਾ ਮਾਹੌਲ ਹੈ।
ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਸਾਲਾਂ ਤੋਂ ਕਬਜਾ ਕਰਕੇ ਬੈਠੇ ਉਕਤ ਪਰਿਵਾਰ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜ਼ਖਮੀ ਨੌਜਵਾਨਾਂ ਨੂੰ ਇਨਸਾਫ਼ ਮਿਲੇ।
Get all latest content delivered to your email a few times a month.