ਤਾਜਾ ਖਬਰਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਗੰਭੀਰ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਅੱਜ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਰੋਪੜ ਸਣੇ ਕਰੀਬ 15 ਥਾਵਾਂ 'ਤੇ ਛਾਪੇਮਾਰੀ ਕੀਤੀ।
ਪੁਲਿਸ ਸੂਤਰਾਂ ਅਨੁਸਾਰ, ਇਹ ਤਲਾਸ਼ੀ ਇਸ ਕੇਸ ਵਿੱਚ ਨਾਮਜ਼ਦ ਕੀਤੇ ਗਏ 16 ਮੁਲਜ਼ਮਾਂ ਨਾਲ ਸਬੰਧਤ ਘਰਾਂ ਅਤੇ ਦਫ਼ਤਰਾਂ ਵਿੱਚ ਲਈ ਗਈ। ਇਸ ਜਾਂਚ ਦੀ ਨਿਗਰਾਨੀ ਕਰ ਰਹੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ।
ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਐਸ.ਆਈ.ਟੀ. ਪੂਰੀ ਤਰ੍ਹਾਂ ਕਾਨੂੰਨ ਅਤੇ ਕੇਸ ਦੀ ਮੈਰਿਟ ਅਨੁਸਾਰ ਕਾਰਵਾਈ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਾਂਚ ਦੌਰਾਨ ਕੇਸ ਨਾਲ ਸਬੰਧਤ ਸਾਰੇ ਉਪਲਬਧ ਸਬੂਤ ਰਿਕਾਰਡ 'ਤੇ ਲਿਆਂਦੇ ਜਾਣਗੇ ਅਤੇ ਜਾਂਚ ਨੂੰ ਇਸਦੇ ਤਰਕਪੂਰਨ ਸਿੱਟੇ ਤੱਕ ਪਹੁੰਚਾਇਆ ਜਾਵੇਗਾ।
ਭੁੱਲਰ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ "ਜਾਂਚ ਵਿੱਚ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸਦੇ ਅਹੁਦੇ ਜਾਂ ਪ੍ਰਭਾਵ ਦੀ ਪਰਵਾਹ ਕੀਤੇ ਬਿਨਾਂ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।"
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਕੁੱਲ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਤਿੰਨ ਵਿਅਕਤੀ ਵਿਦੇਸ਼ ਵਿੱਚ ਹਨ। ਐਸ.ਆਈ.ਟੀ. ਵੱਲੋਂ ਕੀਤੀ ਗਈ ਅੱਜ ਦੀ ਛਾਪੇਮਾਰੀ ਨੂੰ ਜਾਂਚ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.