ਤਾਜਾ ਖਬਰਾਂ
ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅਪਰਾਧ ਵਿਰੋਧੀ ਮੁਹਿੰਮ ਤਹਿਤ ਇੱਕ ਹੋਰ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੇ ਜ਼ੋਮੈਟੋ ਡਿਲਿਵਰੀ ਬੁਆਏ ਤੋਂ ਮੋਟਰਸਾਈਕਲ ਖੋਹ ਕਰਨ ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਦੋਸ਼ੀ ਹਾਲੇ ਫਰਾਰ ਹੈ। ਪੁਲਿਸ ਨੇ ਖੋਹ ਕੀਤਾ ਮੋਟਰਸਾਈਕਲ, ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਹੈ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ DCP (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ, ਏ.ਡੀ.ਸੀ.ਪੀ. ਸਿਟੀ-2 ਹਰਿੰਦਰ ਸਿੰਘ ਗਿੱਲ ਅਤੇ ਏ.ਸੀ.ਪੀ. ਕੈਂਟ ਸਰਵਨਜੀਤ ਸਿੰਘ ਦੀ ਅਗਵਾਈ ਵਿੱਚ ਥਾਣਾ ਸਦਰ ਜਲੰਧਰ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਮਾਮਲੇ ਨੂੰ ਸੁਲਝਾਇਆ।
ਪੁਲਿਸ ਮੁਤਾਬਕ 24 ਦਸੰਬਰ 2025 ਨੂੰ ਜ਼ੋਮੈਟੋ ਡਿਲਿਵਰੀ ਬੁਆਏ ਰਾਮੂ ਪੁੱਤਰ ਸੁਆਮੀ ਦਿਆਲ ਦੇ ਬਿਆਨਾਂ ‘ਤੇ ਮੁੱਕਦਮਾ ਨੰਬਰ 331 ਅਧੀਨ ਧਾਰਾ 304(2), 3(5) BNS ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਰਾਤ ਸਮੇਂ ਫੂਡ ਡਿਲਿਵਰੀ ਦੌਰਾਨ ਨੈਰੋਲਿਕ ਗੋਦਾਮ ਦੇ ਨੇੜੇ ਤਿੰਨ ਨੌਜਵਾਨਾਂ ਨੇ ਉਸਨੂੰ ਘੇਰ ਕੇ ਉਸਦਾ ਹੀਰੋ ਸਪਲੈਂਡਰ ਮੋਟਰਸਾਈਕਲ ਖੋਹ ਲਿਆ।
ਜਾਂਚ ਦੌਰਾਨ ਪੁਲਿਸ ਨੇ ਤਿੰਨ ਦੋਸ਼ੀਆਂ—ਕੁਲਵੰਤ ਕੁਮਾਰ ਉਰਫ਼ ਕਰਨ, ਕਰਮਜੀਤ ਉਰਫ਼ ਸ਼ੁਗਲੀ ਅਤੇ ਆਰੀਅਨ ਸਿੰਘ—ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ, ਇੱਕ ਹੋਰ ਦੋਸ਼ੀ ਈਵਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਪੁਲਿਸ ਨੇ ਦੋਸ਼ੀਆਂ ਕੋਲੋਂ ਖੋਹ ਕੀਤਾ ਮੋਟਰਸਾਈਕਲ, ਵਾਰਦਾਤ ਲਈ ਵਰਤੀ ਗਈ ਐਕਟਿਵਾ, ਜ਼ੋਮੈਟੋ ਦਾ ਲਾਲ ਬੈਗ ਅਤੇ ਇੱਕ ਡੰਡਾ ਵੀ ਬਰਾਮਦ ਕੀਤਾ ਹੈ। ਪੁਲਿਸ ਰਿਕਾਰਡ ਅਨੁਸਾਰ ਦੋਸ਼ੀ ਆਰੀਅਨ ਸਿੰਘ ਖ਼ਿਲਾਫ਼ ਪਹਿਲਾਂ ਵੀ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਹਨ।
ਜਲੰਧਰ ਪੁਲਿਸ ਨੇ ਕਿਹਾ ਹੈ ਕਿ ਫਰਾਰ ਦੋਸ਼ੀ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਅਪਰਾਧੀਆਂ ਵਿਰੁੱਧ ਕਾਰਵਾਈ ਅੱਗੇ ਵੀ ਸਖ਼ਤੀ ਨਾਲ ਜਾਰੀ ਰਹੇਗੀ।
Get all latest content delivered to your email a few times a month.