ਤਾਜਾ ਖਬਰਾਂ
ਕਸਬੇ ਦੇ ਵਾਰਡ ਨੰਬਰ 12 ਵਿੱਚ ਲੰਘੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਣਕਾਰੀ ਅਨੁਸਾਰ, ਇਹ ਘਟਨਾ ਰਾਤ ਕਰੀਬ 9.55 ਵਜੇ ਵਾਪਰੀ। ਵਾਰਡ ਨੰਬਰ 12 ਵਿਖੇ ਵਿਸ਼ਵਕਰਮਾ ਮੰਦਰ ਨੇੜੇ ਰਹਿੰਦੇ ਕ੍ਰਿਸ਼ਨ ਕੁਮਾਰ ਉਰਫ ਨੀਟਾ ਪੁੱਤਰ ਸ਼੍ਰੀ ਜਗਦੀਸ਼ ਰਾਏ ਦੇ ਘਰ ਤਿੰਨ ਬੁੱਕਲਾਂ ਮਾਰੀ ਬੰਦਿਆਂ ਨੇ ਦਾਖਲਾ ਲਿਆ। ਲੁਟੇਰਿਆਂ ਨੇ ਸਭ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਦੀ ਮਾਤਾ, ਸਵਿੱਤਰੀ ਦੇਵੀ, ਦੇ ਹੱਥ-ਪੈਰ ਅਤੇ ਮੂੰਹ ਬੰਨ੍ਹ ਦਿੱਤਾ।
ਸਵਿੱਤਰੀ ਦੇਵੀ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਜਦੋਂ ਤਿੰਨ ਨੌਜਵਾਨ ਘਰ ਅੰਦਰ ਆਏ, ਉਨ੍ਹਾਂ ਦੇ ਮੂੰਹ ਢਕੇ ਹੋਏ ਸਨ। ਲੁਟੇਰਿਆਂ ਨੇ ਪਹਿਲਾਂ ਮਾਤਾ ਨੂੰ ਬੰਨ੍ਹਿਆ ਅਤੇ ਫਿਰ ਅੰਦਰ ਉਸਦੇ ਬੇਟੇ ਕ੍ਰਿਸ਼ਨ ਕੁਮਾਰ ਉਰਫ ਨੀਟਾ ਨੂੰ ਵੀ ਬੰਨ੍ਹ ਦਿੱਤਾ। ਲੁਟੇਰਿਆਂ ਨੇ ਘਰ ਦੀਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕਰਕੇ ਸਮਾਨ ਅਤੇ ਨਕਦੀ ਲੁੱਟ ਲਈ।
ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਨੇ ਮੌਕਾ ਪਾ ਕੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਖੋਲ੍ਹਿਆ ਅਤੇ ਬਾਹਰ ਆ ਕੇ ਗੁਆਂਢੀਆਂ ਨੂੰ ਜਗਾਇਆ। ਜਦੋਂ ਗੁਆਂਢੀਆਂ ਨੇ ਆ ਕੇ ਦੇਖਿਆ ਤਾਂ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੀ ਮੌਤ ਹੋ ਚੁੱਕੀ ਸੀ। ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁੱਕੇ ਸਨ।
ਘਟਨਾ ਦੀ ਸੂਚਨਾ ਮਿਲਦੇ ਹੀ ਆਣਾ ਲਹਿਰਾ ਦੀ ਪੁਲਿਸ ਅਤੇ ਡੀਐਸਪੀ ਰਣਬੀਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀਐਸਪੀ ਰਣਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਕੈਮਰੇ ਖੰਘਾਲੇ ਜਾ ਰਹੇ ਹਨ। ਪੁਲਿਸ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਕਾਤਲਾਂ ਨੂੰ ਫੜ੍ਹ ਕੇ ਕਾਨੂੰਨ ਦੇ ਅਨੁਸਾਰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ।
Get all latest content delivered to your email a few times a month.