ਤਾਜਾ ਖਬਰਾਂ
ਸ਼ੁੱਕਰਵਾਰ ਸਵੇਰੇ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਛੇ ਨੇੜੇ ਪਾਰਸਲ ਘਰ ਕੋਲ ਪਟੜੀਆਂ ’ਤੇ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੌਕੇ ’ਤੇ ਪਈ ਲਾਸ਼ ਦੀ ਇੱਕ ਲੱਤ ਅਵਾਰਾ ਕੁੱਤਿਆਂ ਵੱਲੋਂ ਨੋਚੀ ਹੋਈ ਮਿਲੀ, ਜਦਕਿ ਲਾਸ਼ ਦੇ ਨੇੜੇ ਮਹਿਲਾ ਦੇ ਕੱਪੜੇ ਵੀ ਪਏ ਨਜ਼ਰ ਆਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ ਅਤੇ ਆਰਪੀਐਫ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਮੁਤਾਬਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਬੱਚੇ ਨੂੰ ਜਨਮ ਤੋਂ ਬਾਅਦ ਕੌਣ ਇੱਥੇ ਸੁੱਟ ਕੇ ਗਿਆ। ਸਹਾਰਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਂਬਰ ਸੰਦੀਪ ਗਿੱਲ ਨੇ ਵੀ ਮੌਕੇ ’ਤੇ ਪਹੁੰਚ ਕੇ ਪੁਲਿਸ ਨੂੰ ਸਹਿਯੋਗ ਦਿੱਤਾ। ਪ੍ਰਾਰੰਭਿਕ ਕਾਰਵਾਈ ਤੋਂ ਬਾਅਦ ਬੱਚੇ ਦੀ ਮ੍ਰਿਤਕ ਦੇਹ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਜਾਵੇਗਾ।
ਦੂਜੇ ਪਾਸੇ, ਲਾਸ਼ ਦੀ ਸ਼ਨਾਖਤ ਲਈ ਇਸਨੂੰ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ, ਤਾਂ ਜੋ ਸੰਭਾਵਿਤ ਤੌਰ ’ਤੇ ਮਾਪਿਆਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਮਾਮਲੇ ਦੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਕਿਸ ਮਾਂ ਨੇ ਕੜਾਕੇ ਦੀ ਠੰਡ ਵਿੱਚ ਆਪਣੇ ਨਵਜੰਮੇ ਬੱਚੇ ਨੂੰ ਸੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
Get all latest content delivered to your email a few times a month.