ਤਾਜਾ ਖਬਰਾਂ
ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦਾ ਮੌਕਾ ਹੈ ਕਿ ਪਿੰਡ ਦੇ ਨੌਜਵਾਨ ਕੁਲਬੀਰ ਸਿੰਘ ਸੰਧੂ ਨੇ ਸ਼ੂਟਿੰਗ ਖੇਡ ਵਿੱਚ ਰਾਸ਼ਟਰੀ ਪੱਧਰ ਤੱਕ ਪਹੁੰਚ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੇ ਬਲਬੂਤੇ ਕੁਲਬੀਰ ਸਿੰਘ ਸੰਧੂ ਨੇ ਨੈਸ਼ਨਲ ਸ਼ੂਟਿੰਗ ਮੁਕਾਬਲੇ ਲਈ ਕੁਆਲੀਫਾਈ ਕਰਕੇ ਪਿੰਡ ਦੇ ਪਹਿਲੇ ਨੌਜਵਾਨ ਹੋਣ ਦਾ ਮਾਣ ਹਾਸਲ ਕੀਤਾ ਹੈ।
ਭੋਪਾਲ ਵਿੱਚ ਆਯੋਜਿਤ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਕੁਲਬੀਰ ਸਿੰਘ ਸੰਧੂ ਨੇ 50 ਮੀਟਰ (.22) ਰਾਈਫਲ ਇਵੈਂਟ ਵਿੱਚ ਬਿਹਤਰੀਨ ਪ੍ਰਦਰਸ਼ਨ ਦਿਖਾਇਆ, ਜਿਸ ਦੇ ਨਤੀਜੇ ਵਜੋਂ ਉਸ ਨੇ ਨੈਸ਼ਨਲ ਪੱਧਰ ਲਈ ਆਪਣੀ ਜਗ੍ਹਾ ਪੱਕੀ ਕੀਤੀ। ਉਸ ਦੀ ਇਸ ਸਫਲਤਾ ਨਾਲ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਦੱਸਿਆ ਜਾਂਦਾ ਹੈ ਕਿ ਕੁਲਬੀਰ ਸਿੰਘ ਸੰਧੂ ਨੇ ਸ਼ੂਟਿੰਗ ਦੀ ਪੇਸ਼ਾਵਰ ਟ੍ਰੇਨਿੰਗ ਹਿਸਾਰ ਸਥਿਤ ਸਪਾਰਾਤੋਰੀਆ ਕੋਚਿੰਗ ਸੈਂਟਰ ਤੋਂ ਹਾਸਲ ਕੀਤੀ ਹੈ। ਇਸ ਤੋਂ ਇਲਾਵਾ, ਉਸ ਨੂੰ ਆਪਣੇ ਮਾਮਾ ਲਾਡੀ ਸਰਪੰਚ ਵਲੋਂ ਵੀ ਲਗਾਤਾਰ ਮਾਰਗਦਰਸ਼ਨ ਅਤੇ ਪ੍ਰੇਰਣਾ ਮਿਲਦੀ ਰਹੀ। ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਮਾਮੇ ਦੀ ਹੌਸਲਾ ਅਫ਼ਜ਼ਾਈ ਅਤੇ ਸਹੀ ਦਿਸ਼ਾ-ਨਿਰਦੇਸ਼ ਦੇ ਕਾਰਨ ਹੀ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਸਕਿਆ ਹੈ।
ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵਲੋਂ ਕੁਲਬੀਰ ਸਿੰਘ ਸੰਧੂ ਦੀ ਇਸ ਉਪਲਬਧੀ ਦੀ ਭਰਪੂਰ ਸਰਾਹਨਾ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਦੀ ਆਸ ਜਤਾਈ ਜਾ ਰਹੀ ਹੈ।
Get all latest content delivered to your email a few times a month.