IMG-LOGO
ਹੋਮ ਪੰਜਾਬ: ਬਾਦਲ ਪਰਿਵਾਰ ਨੂੰ ਬਚਾਉਣ ਦੀ ਬਜਾਏ, ਐਸਜੀਪੀਸੀ ਨੂੰ 328 ਸਰੂਪਾਂ...

ਬਾਦਲ ਪਰਿਵਾਰ ਨੂੰ ਬਚਾਉਣ ਦੀ ਬਜਾਏ, ਐਸਜੀਪੀਸੀ ਨੂੰ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਐਸਆਈਟੀ ਦਾ ਸਹਿਯੋਗ ਕਰਨਾ ਚਾਹੀਦਾ ਹੈ: ਬਲਤੇਜ ਪੰਨੂ

Admin User - Jan 02, 2026 05:26 PM
IMG

ਚੰਡੀਗੜ੍ਹ, 2 ਜਨਵਰੀ-

ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਦੇ ਗੰਭੀਰ ਅਤੇ ਬੇਹੱਦ ਸੰਵੇਦਨਸ਼ੀਲ ਮੁੱਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਇਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਘੇਰਿਦਿਆਂ ਉਨ੍ਹਾਂ 'ਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਜਾਣਬੁੱਝ ਕੇ ਬਚਾਉਣ, ਹਿੱਤਾਂ ਦੇ ਟਕਰਾਅ ਅਤੇ ਇਨਸਾਫ਼ ਨੂੰ ਭਟਕਾਉਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਦੋਸ਼ ਲਾਏ।


ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਜਿੱਥੇ ਐਸਜੀਪੀਸੀ ਪ੍ਰਧਾਨ ਧਾਮੀ ਦਾਅਵਾ ਕਰ ਰਹੇ ਹਨ ਕਿ ਇਹ ਕਾਰਵਾਈ "ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ" ਹੈ, ਉੱਥੇ ਹੀ ਸਮੁੱਚੀ ਸਿੱਖ ਕੌਮ ਜਾਣਦੀ ਹੈ ਕਿ ਇਹ ਮਾਮਲਾ ਐਸ ਆਈਟੀ ਕੋਲ ਸਿਰਫ਼ ਇਸ ਦੀ ਗੰਭੀਰਤਾ ਅਤੇ ਐਸਜੀਪੀਸੀ ਵੱਲੋਂ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਕਾਰਨ ਪਹੁੰਚਿਆ ਹੈ।


ਪੰਨੂ ਨੇ ਯਾਦ ਦਿਵਾਇਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਮਾਮਲੇ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਸਪੱਸ਼ਟ ਹੁਕਮ ਦਿੱਤੇ ਸਨ ਕਿ ਜਾਂਚ ਸਰਕਾਰ ਵੱਲੋਂ ਕਰਵਾਈ ਜਾਵੇ। ਅਦਾਲਤ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕੀਤੀ ਗਈ, ਕਾਬਲ ਅਫਸਰਾਂ ਦੀ ਸ਼ਮੂਲੀਅਤ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕੀਤਾ ਗਿਆ ਅਤੇ ਹੁਣ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ।


ਉਨ੍ਹਾਂ ਖੁਲਾਸਾ ਕੀਤਾ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਸਤਿੰਦਰ ਸਿੰਘ ਕੋਹਲੀ (ਐਸ.ਐਸ. ਕੋਹਲੀ) ਇੱਕ ਚਾਰਟਰਡ ਅਕਾਊਂਟੈਂਟ ਹੈ, ਜਿਸ ਨੇ ਨਾ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕੰਮ ਕੀਤਾ ਹੈ, ਸਗੋਂ ਉਹ ਬਾਦਲ ਪਰਿਵਾਰ ਦਾ ਸੀਏ ਵੀ ਰਿਹਾ ਹੈ ਅਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਸੰਭਾਲਦਾ ਰਿਹਾ ਹੈ। ਪੰਨੂ ਨੇ ਕਿਹਾ ਕਿ ਸਿਰਫ਼ ਇਹੀ ਤੱਥ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ।


ਵਿੱਤੀ ਬੇਨਿਯਮੀਆਂ ਬਾਰੇ ਬਲਤੇਜ ਪੰਨੂ ਨੇ ਸਾਬਕਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਾਰੀ ਸਪੱਸ਼ਟੀਕਰਨ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਹੁਕਮ ਦਿੱਤਾ ਸੀ ਕਿ ਐਸ.ਐਸ. ਕੋਹਲੀ ਨਾਲ ਜੁੜੀ ਫਰਮ ਨੂੰ ਅਦਾ ਕੀਤੇ ਗਏ ਪੈਸੇ ਦਾ 75% ਹਿੱਸਾ ਵਸੂਲਿਆ ਜਾਵੇ ਅਤੇ ਵਾਪਸ ਜਮ੍ਹਾਂ ਕਰਵਾਇਆ ਜਾਵੇ। ਪੰਨੂ ਨੇ ਇਸ਼ਾਰਾ ਕੀਤਾ ਕਿ ਅੱਜ ਤੱਕ ਉਹ ਪੈਸਾ ਐਸਜੀਪੀਸੀ ਦੇ ਖਾਤੇ ਵਿੱਚ ਵਾਪਸ ਜਮ੍ਹਾਂ ਨਹੀਂ ਹੋਇਆ। ਜਦੋਂ ਕਿ ਉਹ ਦਾਅਵਾ ਕਰ ਰਹੀ ਹੈ ਕਿ ਉਸ ਨੇ ਮਾਮਲਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਲਿਜਾਇਆ ਹੈ।


ਪੰਨੂ ਨੇ ਹਿੱਤਾਂ ਦੇ ਟਕਰਾਅ ਦਾ ਇੱਕ ਅਹਿਮ ਸਵਾਲ ਉਠਾਇਆ ਅਤੇ ਕਿਹਾ ਕਿ ਉਹੀ ਵਕੀਲ, ਐਡਵੋਕੇਟ ਸਿਆਲਕਾ, ਪੈਸੇ ਦੀ ਵਸੂਲੀ ਲਈ ਐਸਜੀਪੀਸੀ ਦੀ ਤਰਫ਼ੋਂ ਪੇਸ਼ ਹੋ ਰਹੇ ਹਨ ਅਤੇ ਨਾਲ ਹੀ 328 ਸਰੂਪਾਂ ਦੇ ਮਾਮਲੇ ਵਿੱਚ ਮੁਲਜ਼ਮ ਐਸ.ਐਸ. ਕੋਹਲੀ ਦੇ ਬਚਾਅ ਪੱਖ ਦੇ ਵਕੀਲ ਵਜੋਂ ਵੀ ਪੇਸ਼ ਹੋ ਰਹੇ ਹਨ।


ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਸਿੱਧੇ ਤੌਰ 'ਤੇ ਹਿੱਤਾਂ ਦਾ ਟਕਰਾਅ ਨਹੀਂ ਹੈ, ਜਾਂ ਕੀ ਇਹ ਜਾਣਬੁੱਝ ਕੇ ਕੀਤਾ ਗਿਆ ਹੈ? ਕੋਈ ਇੱਕ ਵਕੀਲ ਪੈਸੇ ਦੀ ਵਸੂਲੀ ਲਈ ਐਸਜੀਪੀਸੀ ਦੀ ਨੁਮਾਇੰਦਗੀ ਕਿਵੇਂ ਕਰ ਸਕਦਾ ਹੈ ਅਤੇ ਉਸੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗਾਇਬ ਹੋਣ ਦੇ ਮੁਲਜ਼ਮ ਦਾ ਬਚਾਅ ਕਿਵੇਂ ਕਰ ਸਕਦਾ ਹੈ?


ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਦਾ ਹੋਰ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਸਾਬਕਾ ਜਥੇਦਾਰ ਨੇ ਸਪੱਸ਼ਟ ਕੀਤਾ ਸੀ ਕਿ ਕਾਨੂੰਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਸੀ, ਪਰ ਇੱਕ ਹਫ਼ਤੇ ਦੇ ਅੰਦਰ ਹੀ ਐਸਜੀਪੀਸੀ ਨੇ ਆਪਣਾ ਮਤਾ ਬਦਲ ਦਿੱਤਾ ਅਤੇ ਫੈਸਲਾ ਕੀਤਾ ਕਿ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਸਿਰਫ਼ ਇਸ ਲਈ ਕਿਉਂਕਿ ਐਸ.ਐਸ. ਕੋਹਲੀ ਦਾ ਨਾਮ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਈਸ਼ਰ ਸਿੰਘ ਰਿਪੋਰਟ ਵਿੱਚ ਕੋਹਲੀ ਦਾ ਨਾਂ ਨਾ ਆਉਂਦਾ ਤਾਂ ਕਾਨੂੰਨੀ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ ਜਾਣੀ ਸੀ।


ਪੰਨੂ ਨੇ ਇਹ ਵੀ ਦੱਸਿਆ ਕਿ ਸੁਖਬੀਰ ਬਾਦਲ ਦੇ ਨਿੱਜੀ ਚੈਨਲ ਦੇ ਇੱਕ ਪੱਤਰਕਾਰ ਦੇ ਨਾਂ 'ਤੇ ਇੱਕ ਹੋਟਲ ਵਿੱਚ ਕਮਰਾ ਬੁੱਕ ਕੀਤਾ ਗਿਆ ਸੀ, ਜਿੱਥੋਂ ਐਸ.ਐਸ. ਕੋਹਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸਿੱਧਾ ਸਵਾਲ ਖੜ੍ਹਾ ਕਰਦਾ ਹੈ ਕਿ ਇਸ ਵਿਅਕਤੀ ਨੂੰ ਕੌਣ ਬਚਾ ਰਿਹਾ ਹੈ?


ਧਾਮੀ ਦੇ ਇਸ ਦਾਅਵੇ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿ ਇਹ ਮੁੱਦਾ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਹੈ, ਪੰਨੂ ਨੇ ਕਿਹਾ ਕਿ ਜਦੋਂ ਕੱਲ੍ਹ ਗੁਰਸਿੱਖਾਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ, ਕੀ ਉਹ ਸਿੱਖ ਨਹੀਂ ਹਨ? ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਨਹੀਂ ਰੱਖਦੇ?


ਉਨ੍ਹਾਂ ਕਿਹਾ ਕਿ ਸੱਚਾਈ ਅਤੇ ਅਸਲੀਅਤ ਸੰਗਤ ਅਤੇ ਪੂਰੀ ਦੁਨੀਆ ਦੇ ਸਾਹਮਣੇ ਆਉਣੀ ਚਾਹੀਦੀ ਹੈ। ਬਲਤੇਜ ਪੰਨੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਦਿੱਤੇ ਸਪੱਸ਼ਟ ਲਿਖਤੀ ਨਿਰਦੇਸ਼ਾਂ ਅਤੇ ਸਮਾਂ ਸੀਮਾ ਦੇ ਬਾਵਜੂਦ ਐਸਜੀਪੀਸੀ ਵੱਲੋਂ ਆਪਣਾ ਸੈਟੇਲਾਈਟ ਟੀਵੀ ਚੈਨਲ ਸ਼ੁਰੂ ਕਰਨ ਵਿੱਚ ਅਸਫਲ ਰਹਿਣ ਦਾ ਮੁੱਦਾ ਵੀ ਉਠਾਇਆ।


ਉਨ੍ਹਾਂ ਕਿਹਾ ਕਿ ਐਸਜੀਪੀਸੀ ਨੇ ਆਪਣਾ ਚੈਨਲ ਇਸ ਲਈ ਲਾਂਚ ਨਹੀਂ ਕੀਤਾ ਕਿਉਂਕਿ ਬਾਦਲ ਪਰਿਵਾਰ ਦੇ ਮਲਕੀਅਤ ਵਾਲੇ ਇੱਕ ਨਿੱਜੀ ਚੈਨਲ 'ਤੇ ਲਾਈਵ ਟੈਲੀਕਾਸਟ ਜਾਰੀ ਹੈ।


ਇਸ ਦੀ ਬਜਾਏ, ਐਸਜੀਪੀਸੀ ਨੇ ਸਿਰਫ਼ ਇੱਕ ਯੂਟਿਊਬ ਚੈਨਲ ਬਣਾਇਆ ਅਤੇ ਉਸ ਉੱਤੇ 'ਐਸਜੀਪੀਸੀ' ਲਿਖ ਦਿੱਤਾ, ਜਦੋਂ ਕਿ ਜਥੇਦਾਰ ਦੇ ਇੱਕ 'ਫ੍ਰੀ-ਟੂ-ਏਅਰ'  ਸੈਟੇਲਾਈਟ ਚੈਨਲ ਲਾਂਚ ਕਰਨ ਦੇ ਸਪੱਸ਼ਟ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਤਾਂ ਜੋ ਗੁਰਬਾਣੀ ਦੇ ਆਡੀਓ ਅਤੇ ਵੀਡੀਓ ਨੂੰ ਸਾਰੇ ਚੈਨਲਾਂ ਦੁਆਰਾ ਮੁਫ਼ਤ ਵਿੱਚ ਪ੍ਰਸਾਰਿਤ ਕੀਤਾ ਜਾ ਸਕੇ ਅਤੇ ਕਿਸੇ ਦਾ ਏਕਾਧਿਕਾਰ ਨਾ ਰਹੇ।


ਪੰਨੂ ਨੇ ਕਿਹਾ ਕਿ ਕਾਰਜਕਾਰੀ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਇਸ ਲਈ ਨਹੀਂ ਕੀਤੀ ਗਈ ਕਿਉਂਕਿ ਮੁਨਾਫਾ ਸਿਰਫ ਇਕ ਚੈਨਲ ਦੁਆਰਾ ਕਮਾਇਆ ਜਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਸਭ ਕੁਝ ਇਕ ਪਰਿਵਾਰ ਦੇ ਦੁਆਲੇ ਘੁੰਮਦਾ ਹੈ, ਜਿਸ ਨੂੰ ਬਚਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਜਾਰੀ ਰਹੇ ਅਤੇ ਵੱਡੇ ਪੱਧਰ 'ਤੇ ਵਧੇ।


ਪੰਨੂ ਨੇ ਅੱਗੇ ਦੋਸ਼ ਲਾਇਆ ਕਿ ਇੱਕ ਵਿਅਕਤੀ ਨੂੰ ਬਚਾਉਣ ਲਈ ਈਸ਼ਰ ਸਿੰਘ ਰਿਪੋਰਟ ਦੇ ਆਧਾਰ 'ਤੇ ਤਿਆਰ ਕੀਤੇ ਪ੍ਰਸਤਾਵ ਨੂੰ, ਜਿਸ ਵਿੱਚ ਦੋਸ਼ੀਆਂ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਸੀ, ਨੂੰ ਜਾਣਬੁੱਝ ਕੇ ਇੱਕ ਹੋਰ ਮਤਾ ਪਾਸ ਕਰਕੇ ਰੱਦ ਕਰ ਦਿੱਤਾ ਗਿਆ ਸੀ ਕਿ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ, ਸਿਰਫ ਇਸ ਲਈ ਕਿਉਂਕਿ ਉਸ ਵਿੱਚ ਐਸ.ਐਸ. ਕੋਹਲੀ ਦਾ ਨਾਮ ਸ਼ਾਮਲ ਸੀ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਇੱਕ ਵਿਅਕਤੀ ਨੂੰ ਇੰਨੀ ਹਮਲਾਵਰਤਾ ਨਾਲ ਕਿਉਂ ਬਚਾਇਆ ਜਾ ਰਿਹਾ ਹੈ? ਉਹ ਕਿਹੜੇ ਰਾਜ਼ ਜਾਣਦਾ ਹੈ? ਕਿਹੜੇ ਹੋਟਲਾਂ ਵਿੱਚ ਕੀ-ਕੀ ਹੋਇਆ, ਕੀ ਪ੍ਰਬੰਧ ਕੀਤੇ ਗਏ, ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।


ਬਲਤੇਜ ਪੰਨੂ ਨੇ ਐਸਜੀਪੀਸੀ ਪ੍ਰਧਾਨ ਧਾਮੀ ਨੂੰ  ਐਸਆਈਟੀ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ, ਜਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਹੀ ਵੱਡੀ ਸਫਲਤਾ ਹਾਸਲ ਕੀਤੀ ਹੈ।


ਉਨ੍ਹਾਂ ਕਿਹਾ ਕਿ ਐਸਜੀਪੀਸੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਸਰੂਪਾਂ ਬਾਰੇ ਸੱਚਾਈ ਸਾਹਮਣੇ ਆ ਸਕੇ ਕਿ ਉਹ ਕਿੱਥੇ ਹਨ ਅਤੇ ਕੌਣ ਜ਼ਿੰਮੇਵਾਰ ਹੈ।


ਉਨ੍ਹਾਂ ਮੌਜੂਦਾ ਜਥੇਦਾਰ ਵੱਲੋਂ ਜਾਰੀ ਲਿਖਤੀ ਹੁਕਮਾਂ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਐਸਜੀਪੀਸੀ ਨੂੰ ਆਪਣੇ ਸਟਾਫ਼ ਅਤੇ ਸਰੋਤਾਂ ਦੀ ਵਰਤੋਂ ਲਾਪਤਾ ਸਰੂਪਾਂ ਦਾ ਪਤਾ ਲਗਾਉਣ ਲਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਵਿੱਚ ਸਾਬਤ ਕਰਦਾ ਹੈ ਕਿ 328 ਸਰੂਪਾਂ ਦੇ ਟਿਕਾਣੇ ਬਾਰੇ ਅਜੇ ਵੀ ਕੁਝ ਪਤਾ ਨਹੀਂ ਹੈ।


ਪੰਨੂ ਨੇ ਕਿਹਾ ਕਿ ਜਿੱਥੇ ਧਾਮੀ ਸਾਹਿਬ ਵਾਰ-ਵਾਰ ਕਹਿ ਰਹੇ ਹਨ ਕਿ ਮਾਮਲਾ ਪਹਿਲਾਂ ਹੀ ਸੁਲਝ ਗਿਆ ਸੀ ਅਤੇ ਇਹ ਸਿਰਫ਼ ਗਿਣਤੀ ਦੀ ਗਲਤੀ ਸੀ, ਉੱਥੇ ਜਥੇਦਾਰ ਸਾਹਿਬ ਦਾ ਲਿਖਤੀ ਹੁਕਮ ਸਪੱਸ਼ਟ ਤੌਰ 'ਤੇ ਕੁਝ ਹੋਰ ਹੀ ਬਿਆਨ ਕਰਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.