ਤਾਜਾ ਖਬਰਾਂ
ਭਾਰਤੀ ਵਾਇੁਸੈਨਾ ਦੇ ਉੱਚ ਅਧਿਕਾਰੀ ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ 1 ਜਨਵਰੀ 2026 ਨੂੰ ਦੱਖਣ-ਪੱਛਮੀ ਏਅਰ ਕਮਾਂਡ ਦੀ ਕਮਾਨ ਸਰਕਾਰੀ ਤੌਰ ‘ਤੇ ਸੰਭਾਲ ਲਈ। ਕਮਾਂਡ ਦਾ ਚਾਰਜ ਲੈਣ ਉਪਰੰਤ ਹੈੱਡਕੁਆਰਟਰ ਵਿੱਚ ਆਯੋਜਿਤ ਸੈਨਿਕ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਨੇ ਗਾਰਡ ਆਫ ਆਨਰ ਦੀ ਸਮੀਖਿਆ ਕੀਤੀ ਅਤੇ ਵਾਰ ਮੈਮੋਰਿਅਲ ‘ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਨਮਨ ਕੀਤਾ।
ਏਅਰ ਮਾਰਸ਼ਲ ਤੇਜਿੰਦਰ ਸਿੰਘ ਨੂੰ ਜੂਨ 1987 ਵਿੱਚ ਭਾਰਤੀ ਵਾਇੁਸੈਨਾ ਵਿੱਚ ਕਮਿਸ਼ਨ ਮਿਲਿਆ ਸੀ। ਆਪਣੇ ਲੰਬੇ ਤੇ ਮਾਣਯੋਗ ਕਰੀਅਰ ਦੌਰਾਨ ਉਹ 4500 ਘੰਟਿਆਂ ਤੋਂ ਵੱਧ ਉਡਾਣ ਦਾ ਅਨੁਭਵ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੇ ਇੱਕ ਫਾਈਟਰ ਸਕਵਾਡਰਨ, ਰੇਡਾਰ ਸਟੇਸ਼ਨ ਅਤੇ ਇੱਕ ਮਹੱਤਵਪੂਰਨ ਫਾਈਟਰ ਏਅਰ ਬੇਸ ਦੀ ਕਮਾਨ ਸੰਭਾਲੀ ਹੈ। ਇਸ ਤੋਂ ਇਲਾਵਾ, ਜੰਮੂ-ਕਸ਼ਮੀਰ ਵਿੱਚ ਏਅਰ ਆਫੀਸਰ ਕਮਾਂਡਿੰਗ (AOC) ਦੇ ਤੌਰ ‘ਤੇ ਵੀ ਉਹ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਉਨ੍ਹਾਂ ਦੇ ਤਜਰਬੇ ਵਿੱਚ ਵਾਇੁਸੈਨਾ ਦੇ ਕਈ ਅਹਿਮ ਸਟਾਫ ਅਹੁਦੇ ਵੀ ਸ਼ਾਮਲ ਹਨ, ਜਿਵੇਂ ਕਿ ਏਸੀਏਐਸ ਓਪਸ (ਆਫੈਂਸਿਵ), ਏਸੀਏਐਸ ਓਪਸ (ਸਟ੍ਰੈਟਜੀ), ਐਸਏਐਸਓ ਈਸਟਰਨ ਏਅਰ ਕਮਾਂਡ ਅਤੇ ਡਿਪਟੀ ਚੀਫ ਆਫ ਦ ਏਅਰ ਸਟਾਫ। ਦੱਖਣ-ਪੱਛਮੀ ਏਅਰ ਕਮਾਂਡ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਉਹ ਟ੍ਰੇਨਿੰਗ ਕਮਾਂਡ ਵਿੱਚ ਏਅਰ ਆਫੀਸਰ ਕਮਾਂਡਿੰਗ-ਇਨ-ਚੀਫ ਦੇ ਅਹੁਦੇ ‘ਤੇ ਤੈਨਾਤ ਸਨ।
ਏਅਰ ਮਾਰਸ਼ਲ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਦੱਖਣ-ਪੱਛਮੀ ਏਅਰ ਕਮਾਂਡ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਹੋਣ ਅਤੇ ਵਾਇੁਸੈਨਾ ਦੀ ਓਪਰੇਸ਼ਨਲ ਤਿਆਰੀ ਵਿੱਚ ਨਵਾਂ ਉਤਸ਼ਾਹ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।
Get all latest content delivered to your email a few times a month.