ਤਾਜਾ ਖਬਰਾਂ
ਮਾਛੀਵਾੜਾ ਦੇ ਨੇੜਲੇ ਪਿੰਡ ਭੱਟੀਆਂ ਤੋਂ ਇੱਕ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਗਰੀਬ ਪਰਿਵਾਰ ਦੇ ਦੋ ਨੌਜਵਾਨ ਪੁੱਤਰ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਭਰ ਲਈ ਅਪਾਹਿਜ ਹੋ ਗਏ ਹਨ। ਇਸ ਹਾਦਸੇ ਨੇ ਨਾ ਸਿਰਫ਼ ਦੋ ਨੌਜਵਾਨਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ, ਸਗੋਂ ਪੂਰੇ ਪਰਿਵਾਰ ਨੂੰ ਆਰਥਿਕ ਤੇ ਮਾਨਸਿਕ ਤੌਰ ’ਤੇ ਤੋੜ ਕੇ ਰੱਖ ਦਿੱਤਾ ਹੈ।
ਪੀੜਤ ਮਾਤਾ ਨਿਰਮਲਾ ਨੇ ਦੱਸਿਆ ਕਿ ਉਸਦੇ ਪੁੱਤਰ ਬਿਕਰਮ ਸਿੰਘ ਅਤੇ ਵਿਸ਼ਾਲ ਸਿੰਘ 9 ਨਵੰਬਰ ਨੂੰ ਆਪਣੇ ਦੋਸਤ ਹਰਦੇਵ ਸਿੰਘ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਕਾਰ ਰਾਹੀਂ ਘਰ ਵਾਪਸ ਆ ਰਹੇ ਸਨ। ਜਦੋਂ ਉਹ ਬਿਆਸ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਅਚਾਨਕ ਕਾਰ ਡਿਵਾਇਡਰ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ’ਚ ਦੋਵੇਂ ਭਰਾ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ, ਜਦਕਿ ਉਨ੍ਹਾਂ ਦਾ ਦੋਸਤ ਹਰਦੇਵ ਸਿੰਘ ਮੌਕੇ ’ਤੇ ਹੀ ਦਮ ਤੋੜ ਗਿਆ।
ਮਾਤਾ ਨਿਰਮਲਾ ਮੁਤਾਬਕ, ਵੱਡੇ ਪੁੱਤਰ ਬਿਕਰਮ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਇਲਾਜ ਦੌਰਾਨ ਉਸ ਦੀਆਂ ਦੋਵੇਂ ਬਾਂਹਾਂ ਕੱਟਣੀਆਂ ਪਈਆਂ, ਜਦਕਿ ਇੱਕ ਲੱਤ ਚਾਰ ਥਾਵਾਂ ਤੋਂ ਟੁੱਟਣ ਕਾਰਨ ਉਸ ਵਿੱਚ ਰਾਡ ਪਾਈ ਗਈ। ਦੂਜੇ ਪਾਸੇ ਛੋਟੇ ਪੁੱਤਰ ਵਿਸ਼ਾਲ ਦੀ ਚੂਲ੍ਹਾ ਟੁੱਟ ਗਈ ਅਤੇ ਰੀੜ੍ਹ ਦੀ ਹੱਡੀ ਦੇ ਮਣਕੇ ਵੀ ਨੁਕਸਾਨੀ ਹੋ ਗਏ, ਜਿਸ ਕਾਰਨ ਉਹ ਪੂਰੀ ਤਰ੍ਹਾਂ ਬਿਸਤਰੇ ਤੱਕ ਸੀਮਤ ਹੋ ਗਿਆ ਹੈ ਅਤੇ ਆਪਣੇ ਬਲ ’ਤੇ ਬੈਠਣ ਤੱਕ ਦੇ ਯੋਗ ਨਹੀਂ ਰਿਹਾ।
ਪਰਿਵਾਰ ਨੇ ਆਪਣੇ ਕੋਲ ਮੌਜੂਦ ਥੋੜ੍ਹੀ ਬਹੁਤ ਪੁੰਜੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਮੁੱਢਲਾ ਇਲਾਜ ਕਰਵਾਇਆ, ਪਰ ਹੁਣ ਡਾਕਟਰਾਂ ਵੱਲੋਂ ਵਿਸ਼ਾਲ ਦੀ ਰੀੜ੍ਹ ਦੀ ਹੱਡੀ ਦਾ ਵੱਡਾ ਆਪ੍ਰੇਸ਼ਨ ਲੋੜੀਂਦਾ ਦੱਸਿਆ ਗਿਆ ਹੈ, ਜਿਸ ’ਤੇ ਲਗਭਗ ਡੇਢ ਤੋਂ ਦੋ ਲੱਖ ਰੁਪਏ ਖਰਚ ਆਵੇਗਾ। ਡਾਕਟਰਾਂ ਅਨੁਸਾਰ, ਇਸ ਆਪ੍ਰੇਸ਼ਨ ਤੋਂ ਬਾਅਦ ਹੀ ਵਿਸ਼ਾਲ ਦੇ ਮੁੜ ਤੁਰਨ-ਫਿਰਨ ਅਤੇ ਰੋਜ਼ਗਾਰ ਕਰਨ ਦੀ ਆਸ ਬਣ ਸਕਦੀ ਹੈ।
ਮਾਤਾ ਨਿਰਮਲਾ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਬਿਕਰਮ ਫੈਕਟਰੀ ਵਿੱਚ ਅਤੇ ਵਿਸ਼ਾਲ ਇੱਕ ਦੁਕਾਨ ’ਤੇ ਕੰਮ ਕਰਦਾ ਸੀ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਹੁਣ ਦੋਵੇਂ ਪੁੱਤਰ ਅਪਾਹਿਜ ਹੋ ਕੇ ਬਿਸਤਰੇ ’ਤੇ ਪਏ ਹਨ, ਦਵਾਈਆਂ ਅਤੇ ਦੇਖਭਾਲ ’ਤੇ ਹਰ ਰੋਜ਼ ਖਰਚ ਵੱਧ ਰਿਹਾ ਹੈ। ਇਸ ਹਾਲਤ ਵਿੱਚ ਮਾਤਾ-ਪਿਤਾ ਨੇ ਵੀ ਮਜ਼ਦੂਰੀ ਛੱਡ ਦਿੱਤੀ ਹੈ ਕਿਉਂਕਿ ਉਹ ਦਿਨ-ਰਾਤ ਪੁੱਤਰਾਂ ਦੀ ਸੇਵਾ, ਸਫ਼ਾਈ ਅਤੇ ਦੇਖਭਾਲ ਕਰਨ ਲਈ ਮਜਬੂਰ ਹਨ।
ਇਸ ਦੁਖਦਾਈ ਸਥਿਤੀ ਵਿੱਚ ਪੀੜਤ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਦਾਨੀ ਸੱਜਣਾਂ ਨਾਲ ਨਾਲ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਜਵਾਨ ਪੁੱਤਰਾਂ ਦੇ ਇਲਾਜ ਲਈ ਆਰਥਿਕ ਮਦਦ ਕੀਤੀ ਜਾਵੇ। ਮਦਦ ਕਰਨ ਦੇ ਇੱਛੁਕ ਵਿਅਕਤੀ ਪਰਿਵਾਰ ਨਾਲ ਸੰਪਰਕ ਨੰਬਰ 75278-95288 ’ਤੇ ਸੰਪਰਕ ਕਰ ਸਕਦੇ ਹਨ।
Get all latest content delivered to your email a few times a month.