ਤਾਜਾ ਖਬਰਾਂ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ ਲਈ ਅਧਿਕਾਰਕ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਬੋਰਡ ਦੇ ਅਨੁਸਾਰ 8ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣਗੀਆਂ, ਜਦਕਿ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 6 ਮਾਰਚ ਤੋਂ ਆਰੰਭ ਹੋਣਗੀਆਂ।
ਡੇਟਸ਼ੀਟ ਮੁਤਾਬਕ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ ਤੱਕ ਚੱਲਣਗੀਆਂ, ਜਿਨ੍ਹਾਂ ਵਿੱਚ ਲਗਭਗ 2.77 ਲੱਖ ਵਿਦਿਆਰਥੀ 2,300 ਤੋਂ ਵੱਧ ਪ੍ਰੀਖਿਆ ਕੇਂਦਰਾਂ ’ਚ ਸ਼ਾਮਲ ਹੋਣਗੇ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 1 ਅਪ੍ਰੈਲ ਤੱਕ ਹੋਣਗੀਆਂ, ਜਿਨ੍ਹਾਂ ਵਿੱਚ ਕਰੀਬ 2.84 ਲੱਖ ਵਿਦਿਆਰਥੀ ਲਗਭਗ 2,200 ਪ੍ਰੀਖਿਆ ਕੇਂਦਰਾਂ ’ਚ ਪ੍ਰੀਖਿਆ ਦੇਣਗੇ। ਇਸੇ ਤਰ੍ਹਾਂ 12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ 4 ਅਪ੍ਰੈਲ ਨੂੰ ਸਮਾਪਤ ਹੋਣਗੀਆਂ ਅਤੇ ਇਨ੍ਹਾਂ ਵਿੱਚ ਵੀ ਕਰੀਬ 2.84 ਲੱਖ ਵਿਦਿਆਰਥੀ ਹਿੱਸਾ ਲੈਣਗੇ।
ਬੋਰਡ ਵੱਲੋਂ ਸਾਰੀਆਂ ਜਮਾਤਾਂ ਲਈ ਪ੍ਰੀਖਿਆ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2:15 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਸੂਬੇ ਭਰ ਵਿੱਚ ਕੁੱਲ ਕਰੀਬ 9 ਲੱਖ ਵਿਦਿਆਰਥੀ ਇਨ੍ਹਾਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣਗੇ, ਜਿਸ ਲਈ ਲਗਭਗ 7,800 ਪ੍ਰੀਖਿਆ ਕੇਂਦਰ ਬਣਾਏ ਜਾਣਗੇ।
PSEB ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀਖਿਆਵਾਂ ਦੀ ਤਿਆਰੀ ਸਮੇਂ ਸਿਰ ਪੂਰੀ ਕਰਨ ਅਤੇ ਡੇਟਸ਼ੀਟ ਜਾਂ ਪ੍ਰੀਖਿਆ ਨਾਲ ਸਬੰਧਿਤ ਕਿਸੇ ਵੀ ਅਪਡੇਟ ਲਈ ਬੋਰਡ ਦੀ ਅਧਿਕਾਰਕ ਵੈੱਬਸਾਈਟ ਨੂੰ ਨਿਯਮਿਤ ਤੌਰ ’ਤੇ ਵੇਖਦੇ ਰਹਿਣ। ਬੋਰਡ ਆਪਣੇ ਮੁੱਖ ਦਫ਼ਤਰ ਵਿੱਚ ਇੱਕ ਵਿਸ਼ੇਸ਼ ਕੰਟਰੋਲ ਰੂਮ ਵੀ ਸਥਾਪਤ ਕਰੇਗਾ, ਜਿੱਥੇ ਪ੍ਰੀਖਿਆ ਨਾਲ ਜੁੜੀਆਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ।
Get all latest content delivered to your email a few times a month.