ਤਾਜਾ ਖਬਰਾਂ
ਪੰਜਾਬ ਵਿੱਚ ਪਾਬੰਦੀ ਲੱਗਣ ਦੇ ਬਾਵਜੂਦ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੇ ਇੱਕ ਵਿਦਿਆਰਥੀ ਦੀ ਗਰਦਨ ਅਤੇ ਚਿਹਰਾ ਚਾਈਨਾ ਡੋਰ ਨਾਲ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਡੋਰ ਇੰਨੀ ਤੇਜ਼ ਸੀ ਕਿ ਬੱਚੇ ਦਾ ਗਲਾ ਕੱਟ ਗਿਆ। ਗਨੀਮਤ ਇਹ ਰਹੀ ਕਿ ਬੱਚਾ ਬਚ ਗਿਆ, ਪਰ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਓਪਰੇਸ਼ਨ ਥੀਏਟਰ ਵਿੱਚ ਟਾਂਕੇ ਲਗਾਏ ਜਾ ਰਹੇ ਹਨ।
ਇਹ ਘਟਨਾ ਸਿਸਟਮ ਅਤੇ ਪ੍ਰਸ਼ਾਸਨ ਦੀ ਨਾਕਾਮੀ ਵੱਲ ਸਿੱਧਾ ਇਸ਼ਾਰਾ ਕਰਦੀ ਹੈ। ਸਵਾਲ ਇਹ ਉੱਠਦਾ ਹੈ ਕਿ ਜਦੋਂ ਚਾਈਨਾ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ ਤਾਂ ਇਹ ਖ਼ਤਰਨਾਕ ਡੋਰ ਆਖ਼ਰ ਆ ਰਹੀ ਕਿੱਥੋਂ ਹੈ? ਕਿਹੜੀਆਂ ਫੈਕਟਰੀਆਂ ਅਤੇ ਕਿਹੜਾ ਮਾਫੀਆ ਇਸ ਮੌਤ ਦੀ ਡੋਰ ਨੂੰ ਤਿਆਰ ਕਰਕੇ ਦੁਕਾਨਦਾਰਾਂ ਤੱਕ ਪਹੁੰਚਾ ਰਿਹਾ ਹੈ? ਹਰ ਸਾਲ ਬਸੰਤ ਦੇ ਮੌਸਮ ਦੌਰਾਨ ਚਾਈਨਾ ਡੋਰ ਕਈ ਨੌਜਵਾਨਾਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਦੀਆਂ ਜਾਨਾਂ ਲੈ ਚੁੱਕੀ ਹੈ, ਪਰ ਇਸਦੇ ਬਾਵਜੂਦ ਠੋਸ ਕਾਰਵਾਈ ਨਜ਼ਰ ਨਹੀਂ ਆ ਰਹੀ।
ਇਸ ਤੋਂ ਕੁਝ ਦਿਨ ਪਹਿਲਾਂ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਸਾਢੇ ਤਿੰਨ ਸਾਲਾਂ ਦੀ ਇੱਕ ਮਾਸੂਮ ਬੱਚੀ ਚਾਈਨਾ ਡੋਰ ਦੀ ਚਪੇਟ ‘ਚ ਆ ਗਈ। ਬੱਚੀ ਆਪਣੇ ਮਾਤਾ-ਪਿਤਾ ਨਾਲ ਬਾਈਕ ‘ਤੇ ਬਟਾਲਾ ਤੋਂ ਆਪਣੇ ਪਿੰਡ ਮੁਲਿਆਂਵਾਲ ਵਾਪਸ ਜਾ ਰਹੀ ਸੀ। ਬਟਾਲਾ ਬਿਜਲੀ ਘਰ ਨੇੜੇ ਅਚਾਨਕ ਚਾਈਨਾ ਡੋਰ ਨੇ ਬੱਚੀ ਦੇ ਚਿਹਰੇ ਅਤੇ ਗਲੇ ਨੂੰ ਗੰਭੀਰ ਤੌਰ ‘ਤੇ ਜ਼ਖ਼ਮੀ ਕਰ ਦਿੱਤਾ। ਡਾਕਟਰਾਂ ਨੇ ਕਰੀਬ 65 ਟਾਂਕੇ ਲਗਾ ਕੇ ਬੱਚੀ ਦੀ ਜਾਨ ਬਚਾਈ।
ਉਧਰ, ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਹਲਕੇ ਅਧੀਨ ਆਉਂਦੇ ਥਾਣਾ ਹਾਜੀਪੁਰ ਦੀ ਪੁਲਿਸ ਨੇ ਚਾਈਨਾ ਡੋਰ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਹਾਜੀਪੁਰ ਦੇ ਐਸ.ਐਚ.ਓ. ਹਰਪ੍ਰੇਮ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਰਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੌਰਾਨ ਮੁਖ਼ਬਰ ਦੀ ਸੂਚਨਾ ‘ਤੇ ਜਸਵੰਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਦਗਨ ਨੂੰ ਕਾਬੂ ਕੀਤਾ। ਦੋਸ਼ੀ ਕੋਲੋਂ 47 ਗੱਟੂ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ ਗਈ। ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਦੋਂ ਤੱਕ ਚਾਈਨਾ ਡੋਰ ਦੇ ਗੈਰਕਾਨੂੰਨੀ ਵਪਾਰ ‘ਤੇ ਪੂਰੀ ਤਰ੍ਹਾਂ ਨੱਥ ਨਹੀਂ ਪਾਈ ਜਾਂਦੀ, ਤਦ ਤੱਕ ਮਾਸੂਮ ਜਾਨਾਂ ਖ਼ਤਰੇ ‘ਚ ਰਹਿਣਗੀਆਂ।
Get all latest content delivered to your email a few times a month.