ਤਾਜਾ ਖਬਰਾਂ
ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ‘ਚ ਦੇਰ ਰਾਤ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਇਹ ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਹੁਣ ਸਾਹਮਣੇ ਆ ਚੁੱਕੀ ਹੈ।
ਸੀਸੀਟੀਵੀ ਮੁਤਾਬਕ ਦੋਵੇਂ ਨੌਜਵਾਨ ਮਾਸਕ ਪਾ ਕੇ ਦੁਕਾਨ ਵਿੱਚ ਦਾਖਲ ਹੋਏ ਅਤੇ ਚਾਂਦੀ ਦੀ ਚੈਨ ਵੇਚਣ ਬਾਰੇ ਗੱਲ ਕਰਨ ਲੱਗੇ। ਜਦੋਂ ਦੁਕਾਨਦਾਰ ਨੇ ਪੁਰਾਣਾ ਚਾਂਦੀ ਦਾ ਸਮਾਨ ਖਰੀਦਣ ਤੋਂ ਇਨਕਾਰ ਕਰ ਦਿੱਤਾ, ਤਾਂ ਇਕ ਨੌਜਵਾਨ ਨੇ ਅਚਾਨਕ ਪਿਸਤੌਲ ਕੱਢ ਕੇ ਦੋ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੀ ਆਵਾਜ਼ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਦੁਕਾਨ ਦੇ ਬਾਹਰ ਲੋਕ ਇਕੱਠੇ ਹੋਣ ਲੱਗੇ। ਹਾਲਾਤ ਵਿਗੜਦੇ ਦੇਖ ਦੂਜਾ ਨੌਜਵਾਨ ਮੌਕੇ ਤੋਂ ਭੱਜ ਨਿਕਲਿਆ, ਜਦਕਿ ਦੁਕਾਨਦਾਰ ਨੇ ਹਿੰਮਤ ਦਿਖਾਉਂਦਿਆਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ।
ਇਸ ਘਟਨਾ ਵਿੱਚ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ, ਜੋ ਕਿ ਵੱਡੀ ਰਹਿਮਤ ਮੰਨੀ ਜਾ ਰਹੀ ਹੈ। ਦੁਕਾਨਦਾਰ ਵਿੱਕੀ ਸ਼ਰਮਾ ਨੇ ਦੱਸਿਆ ਕਿ ਵਾਰਦਾਤ ਸਮੇਂ ਉਸਦਾ ਨਾਬਾਲਿਗ ਭਤੀਜਾ ਵੀ ਦੁਕਾਨ ਵਿੱਚ ਮੌਜੂਦ ਸੀ ਅਤੇ ਫਾਇਰਿੰਗ ਕਾਰਨ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਉਸਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 8:15 ਵਜੇ ਕੇਕੇ ਜੂਲਰਜ਼, ਬਾਂਕੇ ਬਿਹਾਰੀ ਗਲੀ ਵਿੱਚ ਵਾਪਰੀ। ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Get all latest content delivered to your email a few times a month.