ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨਾਲ ਜੁੜੇ ਪ੍ਰਮੁੱਖ ਅਹੁਦੇਦਾਰਾਂ ਨੂੰ ਤਲਬ ਕਰਦਿਆਂ ਸਖ਼ਤ ਰੁਖ ਅਪਣਾਇਆ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਕੇ.ਪੀ., ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਅਤੇ ਸਕੱਤਰ ਸਰਦਾਰ ਜਸਮੇਲ ਸਿੰਘ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ।
ਮਾਮਲਾ DSGMC ਵੱਲੋਂ 25 ਅਕਤੂਬਰ, 2025 ਨੂੰ ਬੁਲਾਈ ਗਈ ਇੱਕ ਵਿਸ਼ੇਸ਼ ਇਕੱਤਰਤਾ ਨਾਲ ਸਬੰਧਿਤ ਹੈ, ਜਿਸਦਾ ਸੱਦਾ ਕਮੇਟੀ ਨੇ 17 ਅਕਤੂਬਰ, 2025 ਨੂੰ ਪੱਤਰ ਨੰਬਰ 8045/2-6 ਰਾਹੀਂ ਜਾਰੀ ਕੀਤਾ ਸੀ। ਇਸ ਇਕੱਤਰਤਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ। ਇਹ ਹੁਕਮ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਪੱਤਰ ਨੰਬਰ A:T/25/386 ਮਿਤੀ 24 ਅਕਤੂਬਰ, 2025 ਤਹਿਤ ਜਾਰੀ ਕੀਤਾ ਗਿਆ ਅਤੇ 25 ਅਕਤੂਬਰ ਨੂੰ DSGMC ਦੇ ਅਧਿਕਾਰਤ ਈਮੇਲ ਪਤੇ ‘ਤੇ ਵੀ ਭੇਜਿਆ ਗਿਆ ਸੀ।
ਸੂਤਰਾਂ ਮੁਤਾਬਕ, DSGMC ਦੇ ਮੈਂਬਰ ਸਰਦਾਰ ਜਤਿੰਦਰ ਸਿੰਘ ਦੀ ਮੌਜੂਦਗੀ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਭਾਈ ਮਨਵੀਤ ਸਿੰਘ ਵੱਲੋਂ ਇਹ ਹੁਕਮ DSGMC ਦੇ ਅਧਿਕਾਰੀਆਂ ਨੂੰ ਨਿੱਜੀ ਤੌਰ ‘ਤੇ ਸੌਂਪਣ ਦੀ ਕੋਸ਼ਿਸ਼ ਕੀਤੀ ਗਈ। ਪਰ ਦੋਸ਼ ਲਗਾਇਆ ਗਿਆ ਹੈ ਕਿ ਕਮੇਟੀ ਦੇ ਅਧਿਕਾਰੀਆਂ ਨੇ ਇਹ ਪੱਤਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ।
ਇਸ ਸਾਰੀ ਘਟਨਾ ਨੂੰ ਗੰਭੀਰ ਮੰਨਦੇ ਹੋਏ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ DSGMC ਦੇ ਉਪਰੋਕਤ ਅਹੁਦੇਦਾਰਾਂ ਨੂੰ ਤਲਬ ਕਰਦਿਆਂ ਹੁਕਮ ਦਿੱਤਾ ਹੈ ਕਿ ਉਹ 22 ਪੋਹ, ਨਾਨਕਸ਼ਾਹੀ ਸੰਵਤ 557 (5 ਜਨਵਰੀ, 2026) ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਆਪਣਾ ਪੱਖ ਸਪਸ਼ਟ ਕਰਨ।
Get all latest content delivered to your email a few times a month.