ਤਾਜਾ ਖਬਰਾਂ
ਬਠਿੰਡਾ ਵਿੱਚ ਦੇਰ ਰਾਤ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਭੁੱਚੋ ਰੋਡ ਸਥਿਤ ਸਲਿੱਪ ਰੋਡ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਤਿੰਨ ਵਾਹਨ—ਕੀਆ ਕਾਰ, ਥਾਰ ਅਤੇ ਹੋਂਡਾ ਸਿਟੀ—ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ ਕੁੱਲ ਪੰਜ ਲੋਕ ਜਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਥਾਣਾ ਕੈਂਟ ਦੇ ਐੱਸਐੱਚਓ ਦਲਜੀਤ ਸਿੰਘ ਮੁਤਾਬਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਕੀਆ ਕਾਰ ਸਲਿੱਪ ਰੋਡ ਰਾਹੀਂ ਨੈਸ਼ਨਲ ਹਾਈਵੇ ‘ਤੇ ਚੜ੍ਹ ਰਹੀ ਸੀ। ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਥਾਰ ਗੱਡੀ ਨੇ ਕੀਆ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਦੇ ਝਟਕੇ ਨਾਲ ਕੀਆ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਦੂਜੇ ਪਾਸੇ ਖੜ੍ਹੀ ਇੱਕ ਹੋਂਡਾ ਸਿਟੀ ਨਾਲ ਟਕਰਾ ਗਈ।
ਹਾਦਸੇ ਵਿੱਚ ਤਿੰਨੇ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਕੀਆ ਕਾਰ ਵਿੱਚ ਬਰਨਾਲਾ ਜ਼ਿਲ੍ਹੇ ਦੇ ਤਪਾ ਪਿੰਡ ਦੇ ਦੋ ਵਿਅਕਤੀ ਸਵਾਰ ਸਨ, ਥਾਰ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਪਿੰਡ ਦੇ ਦੋ ਨੌਜਵਾਨ ਮੌਜੂਦ ਸਨ, ਜਦਕਿ ਹੋਂਡਾ ਸਿਟੀ ਵਿੱਚ ਤਲਵੰਡੀ ਸਾਬੋ ਦੇ ਮਲਕਾਣਾ ਪਿੰਡ ਦਾ ਇੱਕ ਵਿਅਕਤੀ ਸਵਾਰ ਸੀ। ਟੱਕਰ ਦੌਰਾਨ ਤਿੰਨੇ ਵਾਹਨਾਂ ਦੇ ਸਵਾਰ ਜਖ਼ਮੀ ਹੋ ਗਏ।
ਪੰਜ ਜਖ਼ਮੀਆਂ ਵਿੱਚੋਂ ਚਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਥਾਰ ਗੱਡੀ ਦਾ ਡਰਾਈਵਰ ਰਾਜਨਪ੍ਰੀਤ ਸਿੰਘ (22), ਵਾਸੀ ਮਣੀ ਵਾਲਾ, ਮਲੋਟ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ, ਸੰਦੀਪ ਗਿੱਲ ਦੀ ਅਗਵਾਈ ਹੇਠ, ਮੌਕੇ ‘ਤੇ ਪਹੁੰਚੀ। ਟੀਮ ਨੇ ਗੰਭੀਰ ਜਖ਼ਮੀ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਣਕਾਰੀ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਕਿਸੇ ਵੱਲੋਂ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਸ਼ਿਕਾਇਤ ਮਿਲਣ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Get all latest content delivered to your email a few times a month.