ਤਾਜਾ ਖਬਰਾਂ
ਬਠਿੰਡਾ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਖਾਲੀ ਪਲਾਟ ਵਿਚੋਂ ਨੌਜਵਾਨ ਮਹਿਲਾ ਰਿਤਿਕਾ ਦੀ ਲਾਸ਼ ਬਰਾਮਦ ਹੋਈ। ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ, ਰਿਤਿਕਾ ਦਾ ਤੇਜ਼ਧਾਰ ਹਥਿਆਰ ਨਾਲ ਗਲ ‘ਤੇ ਵਾਰ ਕਰਕੇ ਕਤਲ ਕੀਤਾ ਗਿਆ ਹੈ ਅਤੇ ਲਾਸ਼ ਨੂੰ ਸਬੂਤ ਮਿਟਾਉਣ ਦੀ ਨੀਅਤ ਨਾਲ ਪਲਾਟ ਵਿੱਚ ਸੁੱਟਿਆ ਗਿਆ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੈਨਾਲ ਏਰੀਆ ਨੂੰ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ, ਜੋ ਬਠਿੰਡਾ ਦੇ ਨਿੱਜੀ ਕੰਪਨੀ ਦੇ ਸ਼ੋਰੂਮ ਵਿੱਚ ਕੰਮ ਕਰਦੀ ਸੀ, ਘਰ ਤੋਂ ਲਾਪਤਾ ਹੈ। ਪਰਿਵਾਰ ਵੱਲੋਂ ਕਾਫੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਣ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਮੋਬਾਈਲ ਲੋਕੇਸ਼ਨ ਦੇ ਆਧਾਰ ‘ਤੇ ਤਲਾਸ਼ ਦੌਰਾਨ, ਘਰ ਤੋਂ ਕੁਝ ਦੂਰੀ ‘ਤੇ ਇੱਕ ਖਾਲੀ ਪਲਾਟ ਵਿਚੋਂ ਉਸ ਦੀ ਲਾਸ਼ ਮਿਲੀ।
ਮ੍ਰਿਤਕਾ ਰਿਤਿਕਾ ਦੀ ਲਗਭਗ ਤਿੰਨ ਸਾਲ ਪਹਿਲਾਂ ਲਵ ਮੈਰਿਜ ਹੋਈ ਸੀ ਅਤੇ ਉਹ ਬਠਿੰਡਾ ਦੇ ਗੋਪਾਲ ਨਗਰ ‘ਚ ਕਿਰਾਏ ਦੇ ਮਕਾਨ ਵਿੱਚ ਪਤੀ ਸਾਹਿਲ ਕੁਮਾਰ ਅਤੇ ਦੋ ਸਾਲ ਦੇ ਬੱਚੇ ਨਾਲ ਰਹਿ ਰਹੀ ਸੀ। ਪਤੀ ਨੇ ਦੱਸਿਆ ਕਿ ਉਹ ਰੋਜ਼ਾਨਾ ਰਿਤਿਕਾ ਨੂੰ ਸ਼ੋਰੂਮ ਛੱਡਣ ਅਤੇ ਵਾਪਸ ਲਿਆਉਣ ਜਾਂਦਾ ਸੀ। ਬੀਤੇ ਦਿਨ ਵੀ ਉਸ ਨੇ ਰਿਤਿਕਾ ਨੂੰ ਕੰਮ ‘ਤੇ ਛੱਡਿਆ ਸੀ, ਪਰ ਸ਼ਾਮ ਨੂੰ ਜਦੋਂ ਵਾਪਸ ਲੈਣ ਪਹੁੰਚਿਆ ਤਾਂ ਮਾਲਕ ਨੇ ਦੱਸਿਆ ਕਿ ਉਹ ਮੋਬਾਈਲ ਕਵਰ ਲੈਣ ਗਈ ਹੈ।
ਪਰਿਵਾਰ ਮੁਤਾਬਕ, ਰਿਤਿਕਾ ਦੀ ਆਖਰੀ ਵਾਰ ਗੱਲ ਉਸ ਦੀ ਮਾਂ ਨਾਲ ਹੋਈ ਸੀ, ਜਿੱਥੇ ਉਸ ਨੇ ਕਿਹਾ ਕਿ ਉਹ ਆਪਣੀ ਸਹੇਲੀ ਨਾਲ ਤਲਵੰਡੀ ਸਾਬੋ ਤੋਂ ਵਾਪਸ ਆ ਰਹੀ ਹੈ। ਇਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਅਤੇ ਉਹ ਘਰ ਨਹੀਂ ਪਹੁੰਚੀ। ਆਖਿਰਕਾਰ ਪਰਿਵਾਰ ਨੇ ਥਾਣਾ ਕੈਨਾਲ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਡੀਐਸਪੀ ਦੀ ਅਗਵਾਈ ਹੇਠ ਸੀਆਈਏ ਸਟਾਫ-2 ਅਤੇ ਥਾਣਾ ਕੈਨਾਲ ਦੀਆਂ ਵੱਖ-ਵੱਖ ਟੀਮਾਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
Get all latest content delivered to your email a few times a month.