ਤਾਜਾ ਖਬਰਾਂ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਪ੍ਰਸ਼ਾਸਨ ਨੇ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਆਬਕਾਰੀ ਨਿਯਮਾਂ ਦੀ ਉਲੰਘਣਾ ਪ੍ਰਤੀ ‘ਜ਼ੀਰੋ ਟਾਲਰੈਂਸ’ ਨੀਤੀ ਅਪਣਾਉਂਦੇ ਹੋਏ ਸਾਰੇ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਬਾਰਾਂ ਅਤੇ ਪੱਬਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ 25 ਸਾਲ ਤੋਂ ਘੱਟ ਉਮਰ ਜਾਂ ਨਾਬਾਲਗ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਜਾਂ ਬੀਅਰ ਪਰੋਸਣਾ ਪੂਰੀ ਤਰ੍ਹਾਂ ਮਨ੍ਹਾਂ ਹੈ।
ਡੀ.ਸੀ. ਨੇ ਕਿਹਾ ਕਿ ਲਾਈਵ ਸ਼ੋਅ ਅਤੇ ਡੀ.ਜੇ ਪਾਰਟੀਆਂ ਦੌਰਾਨ ਬਿਨਾਂ ਇਜਾਜ਼ਤ ਸ਼ਰਾਬ ਪਰੋਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਜਨਤਕ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ। ਇਸ ਲਈ ਸਾਰੀਆਂ ਸਥਾਪਨਾਵਾਂ ਨੂੰ ਆਪਣੇ ਲਾਇਸੰਸਸ਼ੁਦਾ ਕੰਮਕਾਜੀ ਘੰਟਿਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਨਿਰਧਾਰਤ ਸਮੇਂ ਤੋਂ ਬਾਅਦ ਕਾਰੋਬਾਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਕਿਸੇ ਵੀ ਅਣਚਾਹੀ ਸਥਿਤੀ ਜਾਂ ਕਾਨੂੰਨ-ਵਿਵਸਥਾ ਦੀ ਸਮੱਸਿਆ ਆਉਣ ‘ਤੇ ਸ਼ਰਾਬ ਦੀ ਸੇਵਾ ਤੁਰੰਤ ਰੋਕੀ ਜਾਵੇ ਅਤੇ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਤੁਰੰਤ ਸੂਚਿਤ ਕੀਤਾ ਜਾਵੇ।
ਹੁਕਮਾਂ ਅਨੁਸਾਰ, ਸਟਾਫ਼ ਲਈ ਗਾਹਕਾਂ ਦੀ ਉਮਰ ਦੇ ਪੱਕੇ ਸਬੂਤਾਂ ਦੀ ਜਾਂਚ ਲਾਜ਼ਮੀ ਹੋਵੇਗੀ ਅਤੇ ਜਾਅਲੀ ਆਈ.ਡੀ. ਸਵੀਕਾਰ ਨਹੀਂ ਕੀਤੀ ਜਾਵੇਗੀ। ਨਾਲ ਹੀ, ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਉੱਚੀ ਆਵਾਜ਼ ਵਿੱਚ ਸੰਗੀਤ, ਡੀ.ਜੇ ਸੈਸ਼ਨ ਅਤੇ ਪਾਰਟੀਆਂ ਨਿਰਧਾਰਤ ਘੰਟਿਆਂ ਅੰਦਰ ਹੀ ਸਮਾਪਤ ਕਰਨੀਅਾਂ ਹੋਣਗੀਆਂ। ਕਿਸੇ ਵੀ ਵਿਸ਼ੇਸ਼ ਸਮਾਗਮ ਜਾਂ ਭੀੜ ਇਕੱਠ ਲਈ ਸੰਬੰਧਤ ਅਧਿਕਾਰੀਆਂ ਤੋਂ ਪਹਿਲਾਂ ਮਨਜ਼ੂਰੀ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਪਾਲਣਾ ਯਕੀਨੀ ਬਣਾਉਣ ਲਈ ਐਸ.ਡੀ.ਐਮ ਦੀ ਅਗਵਾਈ ਹੇਠ ਵਿਸ਼ੇਸ਼ ਇਨਫੋਰਸਮੈਂਟ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਏ.ਸੀ.ਪੀ/ਡੀ.ਐਸ.ਪੀ, ਆਬਕਾਰੀ ਅਤੇ ਫੂਡ ਸੇਫ਼ਟੀ ਅਧਿਕਾਰੀ ਸ਼ਾਮਲ ਹਨ। ਇਹ ਟੀਮਾਂ ਜ਼ਿਲ੍ਹੇ ਭਰ ਵਿੱਚ ਅਚਾਨਕ ਜਾਂਚਾਂ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਤੁਰੰਤ ਐਫ਼.ਆਈ.ਆਰ ਸਮੇਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨਾਲ ਵੀ ਰਿਆਇਤ ਨਹੀਂ ਕੀਤੀ ਜਾਵੇਗੀ।
Get all latest content delivered to your email a few times a month.