ਤਾਜਾ ਖਬਰਾਂ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਤੇ ਡਿਪਟੀ ਪ੍ਰਧਾਨ ਮੰਤਰੀ ਇਸ਼ਾਕ ਡਾਰ ਨੇ ਪਹਿਲੀ ਵਾਰ ਸਰਕਾਰੀ ਤੌਰ ’ਤੇ ਮੰਨਿਆ ਹੈ ਕਿ ਭਾਰਤ ਵੱਲੋਂ ਚਲਾਏ ਗਏ Operation Sindoor ਦੌਰਾਨ ਰਾਵਲਪਿੰਡੀ ਦੇ ਚਕਲਾਲਾ ਇਲਾਕੇ ਵਿੱਚ ਸਥਿਤ ਨੂਰ ਖਾਨ ਏਅਰ ਬੇਸ ਨੂੰ ਨੁਕਸਾਨ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ ਉੱਥੇ ਤਾਇਨਾਤ ਕੁਝ ਪਾਕਿਸਤਾਨੀ ਫੌਜੀ ਜਵਾਨ ਵੀ ਜ਼ਖਮੀ ਹੋਏ ਸਨ। ਇਹ ਖੁਲਾਸਾ ਉਨ੍ਹਾਂ ਨੇ ਆਪਣੀ ਸਾਲਾਨਾ ਪ੍ਰੈਸ ਬਰੀਫਿੰਗ ਦੌਰਾਨ ਕੀਤਾ।
ਇਸ਼ਾਕ ਡਾਰ ਮੁਤਾਬਕ, ਭਾਰਤ ਨੇ ਸਿਰਫ਼ 36 ਘੰਟਿਆਂ ਦੇ ਅੰਦਰ ਪਾਕਿਸਤਾਨੀ ਹਵਾਈ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਡਰੋਨ ਭੇਜੇ। ਉਨ੍ਹਾਂ ਕਿਹਾ ਕਿ ਕੁੱਲ ਕਰੀਬ 80 ਡਰੋਨ ਹਮਲਿਆਂ ਵਿੱਚੋਂ ਪਾਕਿਸਤਾਨੀ ਰੱਖਿਆ ਪ੍ਰਣਾਲੀ ਨੇ 79 ਡਰੋਨ ਨਿਸ਼ਫ਼ਲ ਕਰ ਦਿੱਤੇ, ਪਰ ਇੱਕ ਡਰੋਨ ਫੌਜੀ ਟਿਕਾਣੇ ਤੱਕ ਪਹੁੰਚ ਗਿਆ, ਜਿਸ ਨਾਲ ਢਾਂਚਾਗਤ ਨੁਕਸਾਨ ਹੋਇਆ ਅਤੇ ਜਵਾਨ ਜ਼ਖਮੀ ਹੋਏ। ਡਾਰ ਨੇ ਇਹ ਵੀ ਮੰਨਿਆ ਕਿ ਇਹ ਹਮਲਾ ਭਾਰਤੀ ਪ੍ਰਿਸੀਜ਼ਨ ਸਟ੍ਰਾਈਕਸ ਦੀ ਉੱਚ ਪੱਧਰੀ ਸ਼ੁੱਧਤਾ ਨੂੰ ਦਰਸਾਉਂਦਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਮਈ ਮਹੀਨੇ ਦੌਰਾਨ ਸੈਟੇਲਾਈਟ ਤਸਵੀਰਾਂ ਰਾਹੀਂ ਨੂਰ ਖਾਨ ਏਅਰ ਬੇਸ ਸਮੇਤ ਕਈ ਹੋਰ ਪਾਕਿਸਤਾਨੀ ਹਵਾਈ ਅੱਡਿਆਂ ’ਤੇ ਹੋਏ ਨੁਕਸਾਨ ਦੀ ਪੁਸ਼ਟੀ ਪਹਿਲਾਂ ਹੀ ਹੋ ਚੁੱਕੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵੱਲੋਂ ਖੁੱਲ੍ਹੇ ਤੌਰ ’ਤੇ ਇਹ ਸਵੀਕਾਰੋਖ਼ਤੀ ਕਰਨਾ, ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਅਹਿਮੀਅਤ ਰੱਖਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਵੀ ਇਸ ਹਮਲੇ ਬਾਰੇ ਇਸ਼ਾਰਿਆਂ ਵਿੱਚ ਗੱਲ ਕਰ ਚੁੱਕੇ ਹਨ।
ਇਸ ਘਟਨਾ ਨਾਲ ਪਾਕਿਸਤਾਨ ਦੀ ਰੱਖਿਆ ਤਿਆਰੀ ਅਤੇ ਏਅਰ ਡਿਫੈਂਸ ਸਿਸਟਮ ’ਤੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ, ਜਦਕਿ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦੀ ਸੈਨਾ ਸਮਰਥਾ ਦੀ ਵੀ ਚਰਚਾ ਤੇਜ਼ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਵਿੱਚ 26 ਨਿਰਦੋਸ਼ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਦੇ ਜਵਾਬ ਵਜੋਂ ਭਾਰਤ ਨੇ Operation Sindoor ਦੇ ਤਹਿਤ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ’ਤੇ ਜਵਾਬੀ ਹਮਲੇ ਦੀ ਕੋਸ਼ਿਸ਼ ਕੀਤੀ ਗਈ, ਜੋ ਨਾਕਾਮ ਰਹੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਤੇ ਟਕਰਾਅ ਕਾਫ਼ੀ ਵਧ ਗਿਆ।
Get all latest content delivered to your email a few times a month.