ਮੋਗਾ ਪੁਲਿਸ ਨੇ ਨਸ਼ਾ ਤਸਕਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇੱਕ ਵੱਡੇ ਤਸਕਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਤਸਕਰੀ ਪਿਓ-ਪੁੱਤ ਮਿਲ ਕੇ ਕਰਦੇ ਸਨ ਅਤੇ ਦੋਵਾਂ ਦੇ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸਿੱਧੇ ਸੰਪਰਕ ਸਨ।
ਐਸਐਸਪੀ ਮੋਗਾ ਅਜੇ ਗਾਂਧੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜੰਡ ਸਿੰਘ ਵਜੋਂ ਹੋਈ ਹੈ, ਜਦਕਿ ਉਸ ਦਾ ਪੁੱਤਰ ਮੌਕੇ ਤੋਂ ਫਰਾਰ ਹੈ। ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਅਨੁਸਾਰ, ਥਾਣਾ ਕੋਟ ਈਸੇ ਖਾਂ ਦੀ ਟੀਮ ਵੱਲੋਂ ਜੰਡ ਸਿੰਘ ਕੋਲੋਂ 1 ਕਿੱਲੋ 25 ਗ੍ਰਾਮ ਹੈਰੋਇਨ, ਤਿੰਨ ਪਿਸਟਲ (.30 ਬੋਰ) ਮੈਗਜ਼ੀਨਾਂ ਸਮੇਤ, ਇੱਕ ਵੱਡੇ ਸਾਈਜ਼ ਦਾ ਖਾਲੀ ਮੈਗਜ਼ੀਨ, 31 ਜਿੰਦਾ ਰੌਂਦ, ਇੱਕ ਕਾਰ ਅਤੇ ਇੱਕ ਮੋਬਾਇਲ ਫ਼ੋਨ ਬਰਾਮਦ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਅਤੇ ਪਾਕਿਸਤਾਨੀ ਤਸਕਰਾਂ ਨਾਲ ਸੰਬੰਧਾਂ ਦੀ ਕੜੀ ਨੂੰ ਬੇਨਕਾਬ ਕੀਤਾ ਜਾ ਸਕੇ।
