ਤਾਜਾ ਖਬਰਾਂ
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਨੌਜਵਾਨ ਵਨੀਤ ਦੇਸ਼ ਭਰ ਵਿੱਚ ਸਾਈਕਲ ਯਾਤਰਾ ਕਰਕੇ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਫੈਲਾ ਰਿਹਾ ਹੈ। ਵਨੀਤ ਦਾ ਕਹਿਣਾ ਹੈ ਕਿ ਇਸ ਯਾਤਰਾ ਦਾ ਮੁੱਖ ਮਕਸਦ ਨਸ਼ੀਲੇ ਪਦਾਰਥਾਂ ਦੀ ਵਧ ਰਹੀ ਦੁਰਵਰਤੋਂ, ਔਰਤਾਂ ਨਾਲ ਹੋ ਰਹੇ ਅਪਰਾਧਾਂ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਵਿਰੁੱਧ ਲੋਕਾਂ ਨੂੰ ਸਚੇਤ ਕਰਨਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ। ਇਸ ਦੇ ਨਾਲ ਹੀ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਨੂੰ ਵੀ ਆਪਣੀ ਯਾਤਰਾ ਦਾ ਹਿੱਸਾ ਬਣਾ ਰਿਹਾ ਹੈ।
ਵਨੀਤ ਨੇ ਦੱਸਿਆ ਕਿ ਉਹ ਤਾਮਿਲਨਾਡੂ, ਰਾਜਸਥਾਨ ਸਮੇਤ ਕਈ ਰਾਜਾਂ ਦੀ ਯਾਤਰਾ ਕਰ ਚੁੱਕਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਸਾਈਕਲ ਚਲਾ ਰਿਹਾ ਹੈ। ਪੰਜਾਬ ਪਹੁੰਚ ਕੇ ਉਸ ਨੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਉਸ ਦੀ ਸਾਈਕਲ ‘ਤੇ “ਪੰਜਾਬ ਲਈ ਪ੍ਰਾਰਥਨਾ ਕਰੋ” ਅਤੇ “ਮਨੀਸ਼ਾ ਲਈ ਇਨਸਾਫ਼” ਵਰਗੇ ਸੁਨੇਹੇ ਲਿਖੀਆਂ ਤਖ਼ਤੀਆਂ ਲੱਗੀਆਂ ਹੋਈਆਂ ਹਨ, ਜੋ ਲੋਕਾਂ ਦਾ ਧਿਆਨ ਖਿੱਚ ਰਹੀਆਂ ਹਨ।
ਉਸ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਵਿੱਚ ਆਈਆਂ ਹੜ੍ਹਾਂ ਨਾਲ ਕਈ ਲੋਕਾਂ ਦੇ ਘਰ ਅਤੇ ਖੇਤ ਨੁਕਸਾਨੀਏ ਗਏ ਸਨ। ਇਸ ਲਈ ਉਹ ਲੋਕਾਂ ਨੂੰ ਆਪਸੀ ਮਦਦ ਅਤੇ ਸਹਿਯੋਗ ਦੀ ਅਪੀਲ ਕਰਦਾ ਆ ਰਿਹਾ ਹੈ। ਵਨੀਤ ਅਨੁਸਾਰ, ਪੰਜਾਬ ਦੇ ਲੋਕਾਂ ਦੀ ਮਹਿਮਾਨਨਵਾਜ਼ੀ ਅਤੇ ਸੇਵਾ-ਭਾਵ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਗੁਰਦੁਆਰਿਆਂ ਵਿੱਚ ਰਿਹਾਇਸ਼ ਅਤੇ ਲੰਗਰ ਦੀ ਵਿਵਸਥਾ ਕਰਕੇ ਉਸ ਨੇ ਤਿੰਨ ਹਫ਼ਤਿਆਂ ਤੋਂ ਬਿਨਾਂ ਕਿਸੇ ਖ਼ਰਚ ਦੇ ਆਪਣੀ ਯਾਤਰਾ ਜਾਰੀ ਰੱਖੀ ਹੈ।
ਵਨੀਤ ਨੇ ਦੱਸਿਆ ਕਿ ਉਹ ਸਿਰਫ਼ 400 ਰੁਪਏ ਲੈ ਕੇ ਪੰਜਾਬ ਆਇਆ ਸੀ, ਪਰ ਇੱਥੋਂ ਦੇ ਲੋਕਾਂ ਨੇ ਉਸ ਦੀ ਹਰ ਪੱਖੋਂ ਮਦਦ ਕੀਤੀ। ਉਸ ਨੇ ਇਹ ਵੀ ਯਾਦ ਕਰਵਾਇਆ ਕਿ ਸਿੱਧੂ ਮੂਸੇਵਾਲਾ ਨੇ ਵੀ ਆਪਣੀ ਸਾਈਕਲ ਯਾਤਰਾ ਦੌਰਾਨ ਕੈਂਸਰ ਵਿਰੁੱਧ ਆਵਾਜ਼ ਉਠਾਈ ਸੀ। ਵਨੀਤ ਨੇ ਕਿਹਾ ਕਿ ਉਹ ਮੂਸੇਵਾਲਾ ਦੇ ਪਰਿਵਾਰ ਨੂੰ ਮਿਲ ਕੇ ਇਨਸਾਫ਼ ਲਈ ਆਪਣਾ ਸਮਰਥਨ ਜਤਾਵੇਗਾ। ਉਸ ਦੇ ਮੁਤਾਬਕ, ਸਿੱਧੂ ਮੂਸੇਵਾਲਾ ਅੱਜ ਵੀ ਦੇਸ਼ ਦੇ ਹਰ ਕੋਨੇ ਵਿੱਚ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ ਅਤੇ ਇੱਕ ਚੰਗੇ ਇਨਸਾਨ ਵਜੋਂ ਯਾਦ ਕੀਤੇ ਜਾਂਦੇ ਹਨ।
Get all latest content delivered to your email a few times a month.