ਤਾਜਾ ਖਬਰਾਂ
ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਨਾਲ ਸਬੰਧਤ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਪ੍ਰਭਜੋਤ ਸਿੰਘ ਦੀ ਅਡੋਲਤਾ ਨੇ ਕੈਨੇਡਾ ਦੀ ਕਾਨੂੰਨੀ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਲਿਆ ਦਿੱਤਾ ਹੈ। ਪ੍ਰਭਜੋਤ ਸਿੰਘ ਨੇ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕਰਨ ਲਈ King Charles ਪ੍ਰਤੀ ਸਹੁੰ ਚੁੱਕਣ ਦੀ ਲਾਜ਼ਮੀ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਲੰਬੀ ਅਦਾਲਤੀ ਲੜਾਈ ਲੜਨੀ ਪਈ।
ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ, ਮਾਣਯੋਗ Supreme Court of Canada ਨੇ ਸੁਣਵਾਈ ਕੀਤੀ ਅਤੇ ਆਖਰਕਾਰ 1912 ਤੋਂ ਚੱਲਦੇ ਆ ਰਹੇ ਉਸ ਪੁਰਾਣੇ ਕਾਨੂੰਨ ਨੂੰ ਹੀ ਬਦਲਣ ਦਾ ਇਤਿਹਾਸਕ ਫੈਸਲਾ ਸੁਣਾਇਆ।
ਗੁਰੂ ਤੋਂ ਉੱਪਰ ਕਿਸੇ ਨੂੰ ਨਹੀਂ ਮੰਨ ਸਕਦੇ: ਪ੍ਰਭਜੋਤ
ਪ੍ਰਭਜੋਤ ਸਿੰਘ, ਜਿਨ੍ਹਾਂ ਦਾ ਜਨਮ ਕੈਨੇਡਾ ਵਿੱਚ ਸਾਲ 1987 ਵਿੱਚ ਹੋਇਆ ਸੀ, ਨੇ ਵਕਾਲਤ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਸਹੁੰ ਚੁੱਕਣ ਦਾ ਮੌਕਾ ਆਇਆ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਨ ਅਤੇ ਆਪਣੇ ਗੁਰੂ ਤੋਂ ਉੱਪਰ ਕਿਸੇ ਹੋਰ ਨੂੰ ਨਹੀਂ ਮੰਨ ਸਕਦੇ। ਉਨ੍ਹਾਂ ਦਾ ਇਹ ਸਟੈਂਡ ਉਨ੍ਹਾਂ ਦੇ ਸਿੱਖੀ ਸਿਦਕ 'ਤੇ ਅਡਿੱਗ ਰਹਿਣ ਨੂੰ ਦਰਸਾਉਂਦਾ ਹੈ।
ਹਾਲਾਂਕਿ, ਪ੍ਰਭਜੋਤ ਸਿੰਘ ਨੂੰ ਪਹਿਲਾਂ ਝਟਕਾ ਲੱਗਾ ਸੀ ਜਦੋਂ ਸਾਲ 2023 ਵਿੱਚ ਹੇਠਲੀ ਅਦਾਲਤ ਨੇ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਧਾਰਮਿਕ ਅਧਿਕਾਰਾਂ ਦੀ ਲੜਾਈ ਲੜਨ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।
ਧਾਰਮਿਕ ਅਜ਼ਾਦੀ ਦੀ ਵੱਡੀ ਜਿੱਤ
ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਹੁਣ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਅਹੁਦੇ ਜਾਂ ਪੇਸ਼ੇ ਲਈ King Charles ਦੀ ਸਹੁੰ ਚੁੱਕਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਇਹ ਫੈਸਲਾ ਨਾ ਸਿਰਫ਼ ਸਿੱਖ ਸਮੁਦਾਏ ਲਈ, ਬਲਕਿ ਕੈਨੇਡਾ ਵਿੱਚ ਸਾਰੇ ਧਾਰਮਿਕ ਭਾਈਚਾਰਿਆਂ ਲਈ ਧਾਰਮਿਕ ਆਜ਼ਾਦੀ ਅਤੇ ਵਿਅਕਤੀਗਤ ਅਧਿਕਾਰਾਂ ਦੀ ਇੱਕ ਵੱਡੀ ਜਿੱਤ ਹੈ।
ਇਸ ਇਤਿਹਾਸਕ ਫੈਸਲੇ ਤੋਂ ਬਾਅਦ ਪਿੰਡ ਵੜਿੰਗ ਦੇ ਲੋਕਾਂ ਵਿੱਚ ਮਾਣ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਅਤੇ ਉਨ੍ਹਾਂ ਦਾ ਪੂਰਾ ਗੁਰਸਿੱਖ ਪਰਿਵਾਰ ਬਚਪਨ ਤੋਂ ਹੀ ਸਿੱਖੀ ਅਸੂਲਾਂ 'ਤੇ ਡਟਿਆ ਹੋਇਆ ਹੈ।
Get all latest content delivered to your email a few times a month.