ਤਾਜਾ ਖਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕ੍ਰਿਸਮਸ ਦੇ ਸ਼ੁੱਭ ਮੌਕੇ 'ਤੇ ਦਿੱਲੀ ਦੇ ਇਤਿਹਾਸਕ ਕੈਥੇਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਵਿਖੇ ਪਹੁੰਚੇ। ਇਹ ਚਰਚ ਨਾ ਸਿਰਫ਼ ਰਾਜਧਾਨੀ ਦੇ ਸਭ ਤੋਂ ਪੁਰਾਣੇ ਚਰਚਾਂ ਵਿੱਚੋਂ ਇੱਕ ਹੈ, ਸਗੋਂ ਦਿੱਲੀ ਦਾ ਸਭ ਤੋਂ ਵੱਡਾ ਚਰਚ ਵੀ ਹੈ। ਪ੍ਰਧਾਨ ਮੰਤਰੀ ਨੇ ਇੱਥੇ ਆਯੋਜਿਤ ਪ੍ਰਾਰਥਨਾ ਸਭਾ ਵਿੱਚ ਸ਼ਿਰਕਤ ਕੀਤੀ ਅਤੇ ਦੇਸ਼ ਵਾਸੀਆਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ।
'ਪਿਆਰ, ਸ਼ਾਂਤੀ ਤੇ ਹਮਦਰਦੀ' ਦਾ ਸੰਦੇਸ਼
ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਚਰਚ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ, “ਦਿੱਲੀ ਦੇ ਕੈਥੇਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਵਿਖੇ ਕ੍ਰਿਸਮਸ ਸਵੇਰ ਦੀ ਸਭਾ 'ਚ ਸ਼ਾਮਲ ਹੋਇਆ। ਇਹ ਸੇਵਾ ਪਿਆਰ, ਸ਼ਾਂਤੀ ਅਤੇ ਹਮਦਰਦੀ ਦੇ ਸਦੀਵੀ ਸੰਦੇਸ਼ ਨੂੰ ਦਰਸਾਉਂਦੀ ਹੈ। ਕ੍ਰਿਸਮਸ ਦੀ ਭਾਵਨਾ ਸਾਡੇ ਸਮਾਜ ਵਿੱਚ ਸਦਭਾਵਨਾ ਤੇ ਭਾਈਚਾਰਾ ਲਿਆਵੇਗੀ।”
ਪ੍ਰਧਾਨ ਮੰਤਰੀ ਨੇ ਇੱਕ ਹੋਰ ਵੀਡੀਓ ਪੋਸਟ ਵਿੱਚ ਕਿਹਾ, “ਕ੍ਰਿਸਮਸ ਨਵੀਂ ਉਮੀਦ, ਨਿੱਘ ਤੇ ਦਿਆਲਤਾ ਪ੍ਰਤੀ ਸਾਂਝੀ ਵਚਨਬੱਧਤਾ ਲਿਆਵੇ।”
ਸੁੰਦਰ ਆਰਕੀਟੈਕਚਰ ਲਈ ਮਸ਼ਹੂਰ ਚਰਚ
ਕੈਥੇਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਆਪਣੀ ਸੁੰਦਰ ਆਰਕੀਟੈਕਚਰ ਲਈ ਜਾਣਿਆ ਜਾਂਦਾ ਹੈ ਅਤੇ ਕ੍ਰਿਸਮਸ ਮੌਕੇ ਵਿਸ਼ੇਸ਼ ਸਜਾਵਟ ਕੀਤੀ ਜਾਂਦੀ ਹੈ। ਦਿੱਲੀ ਭਰ ਤੋਂ ਵੱਡੀ ਗਿਣਤੀ ਵਿੱਚ ਲੋਕ ਪ੍ਰਭੂ ਯਿਸੂ ਮਸੀਹ ਨੂੰ ਪ੍ਰਾਰਥਨਾ ਕਰਨ ਲਈ ਇਸ ਚਰਚ ਵਿੱਚ ਪਹੁੰਚਦੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਕਿਸੇ ਚਰਚ ਵਿੱਚ ਇਹ ਪਹਿਲੀ ਫੇਰੀ ਨਹੀਂ ਹੈ। ਉਹ ਇਸ ਤੋਂ ਪਹਿਲਾਂ ਗੋਆ ਸਮੇਤ ਦੇਸ਼ ਦੇ ਕਈ ਵੱਡੇ ਚਰਚਾਂ ਦਾ ਦੌਰਾ ਕਰ ਚੁੱਕੇ ਹਨ। ਪਿਛਲੇ ਸਾਲ ਵੀ ਕ੍ਰਿਸਮਸ ਵਾਲੇ ਦਿਨ ਉਹ ਚਰਚ ਗਏ ਸਨ।
Get all latest content delivered to your email a few times a month.