ਤਾਜਾ ਖਬਰਾਂ
ਚੰਡੀਗੜ੍ਹ, 23 ਦਸੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਸਾਲ 2025 ਦੌਰਾਨ ਸੂਬੇ ਭਰ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਦੀ ਸਥਿਤੀ ਨੂੰ ਬਣਾਈ ਰੱਖਣ ਦੇ ਨਾਲ-ਨਾਲ ਅੱਤਵਾਦ, ਅਪਰਾਧ ‘ਤੇ ਕਾਬੂ ਅਤੇ ਨਸ਼ਾ ਵਿਰੋਧੀ ਮੁਹਿੰਮ - ਯੁੱਧ ਨਸ਼ਿਆਂ ਵਿਰੁੱਧ ਦੇ ਪਹਿਲੂਆਂ ‘ਤੇ ਮਹੱਵਤਪੂਰਨ ਸਫ਼ਲਤਾਵਾਂ ਦਰਜ ਕੀਤੀਆਂ ਹਨ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸਾਲ 2025 ਦੌਰਾਨ ਪੁਲਿਸ ਕਾਰਵਾਈਆਂ ਦੇ ਵੇਰਵੇ ਦਿੰਦਿਆਂ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਸ ਮਿਆਦ ਦੌਰਾਨ ਆਈਐਸਆਈ ਤੋਂ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲਾਂ ਵਿਰੁੱਧ ਸਰਗਰਮ ਕਾਰਵਾਈ ਕਰਦਿਆਂ 12 ਅੱਤਵਾਦੀ ਘਟਨਾਵਾਂ ਦੀ ਗੁੱਥੀ ਸੁਲਝਾਈ ਅਤੇ ਅਜਿਹੇ ਮਾਡਿਊਲਾਂ ਨਾਲ ਸਬੰਧਤ 50 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਵਿੱਚ ਵੱਖ-ਵੱਖ ਥਾਵਾਂ 'ਤੇ ਹੈਂਡ ਗ੍ਰਨੇਡ ਹਮਲੇ ਅਤੇ ਇੱਕ ਪੁਲਿਸ ਥਾਣੇ 'ਤੇ ਆਰਪੀਜੀ ਹਮਲਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਇਲਾਵਾ ਪੰਜਾਬ ਪੁਲਿਸ ਨੇ ਸੱਤ ਹੋਰ ਮਾਡਿਊਲਾਂ ਦਾ ਵੀ ਪਰਦਾਫਾਸ਼ ਕੀਤਾ ਹੈ।
ਅੱਤਵਾਦੀਆਂ ਵਿਰੁੱਧ ਕਾਰਵਾਈ ਦੇ ਵੇਰਵੇ ਦਿੰਦਿਆ ਉਨ੍ਹਾਂ ਕਿਹਾ ਕਿ ਅੰਦਰੂਨੀ ਸੁਰੱਖਿਆ ਵਿੰਗ ਨੇ ਇਸ ਸਾਲ 131 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੁੱਲ 19 ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਨੌਂ ਰਾਈਫਲਾਂ, 188 ਰਿਵਾਲਵਰ/ਪਿਸਤੌਲ, 12 ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ), 11.62 ਕਿਲੋ ਆਰਡੀਐਕਸ, 54 ਹੈਂਡ ਗ੍ਰਨੇਡ, 32 ਡੈਟੋਨੇਟਰ, ਚਾਰ ਰਾਕੇਟ ਪ੍ਰੋਪੇਲਡ ਗ੍ਰਨੇਡ, ਡਿਸਪੋਜ਼ਡ ਰਾਕੇਟ ਲਾਂਚਰ ਦੀ ਇੱਕ ਸਲੀਵ, ਦੋ ਟਾਈਮਰ ਸਵਿੱਚ, ਤਿੰਨ ਵਾਕੀ-ਟਾਕੀ ਸੈੱਟ ਅਤੇ ਅੱਠ ਰਿਮੋਟ ਕੰਟਰੋਲ ਡਿਵਾਈਸ ਬਰਾਮਦ ਕੀਤੇ ਹਨ।
ਯੁੱਧ ਨਸ਼ਿਆਂ ਵਿਰੁੱਧ
ਨਸ਼ਿਆਂ ਵਿਰੁੱਧ 1 ਮਾਰਚ, 2025 ਨੂੰ ਸ਼ੁਰੂ ਕੀਤੀ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਸੂਬੇ ਦੀ ਅਣਥੱਕ ਲੜਾਈ ਦੇ ਯਤਨਾਂ ਨੂੰ ਉਜਾਗਰ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 29,784 ਐਫਆਈਆਰ ਦਰਜ ਕੀਤੀਆਂ ਅਤੇ 39,867 ਗ੍ਰਿਫ਼ਤਾਰੀਆਂ ਕੀਤੀਆਂ ਜਿਸ ਦੇ ਨਤੀਜੇ ਵਜੋਂ ਸਿਰਫ਼ ਇੱਕ ਸਾਲ ਦੀ ਮਿਆਦ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 2,021 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 26 ਕਿਲੋਗ੍ਰਾਮ ਆਈ.ਸੀ.ਈ., 698 ਕਿਲੋਗ੍ਰਾਮ ਅਫ਼ੀਮ, 35,000 ਕਿਲੋਗ੍ਰਾਮ ਭੁੱਕੀ, 55.78 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 16.81 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਵਿਗਿਆਨਕ ਅਤੇ ਪੇਸ਼ੇਵਰ ਢੰਗ ਨਾਲ ਜਾਂਚ ਦੇ ਚਲਦਿਆਂ ਕੇਸਾਂ ਵਿੱਚ ਸਜ਼ਾ ਦਰ 88 ਫ਼ੀਸਦ ਰਹੀ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਰ੍ਹੇ ਦੌਰਾਨ 6,728 ਮਾਮਲਿਆਂ ਵਿੱਚੋਂ 5,901 ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਡੀਜੀਪੀ ਨੇ ਕਿਹਾ ਕਿ "ਸੇਫ਼ ਪੰਜਾਬ" ਹੈਲਪਲਾਈਨ ਦੇ ਕਈ ਸਕਾਰਾਤਮਕ ਨਤੀਜੇ ਵੇਖਣ ਨੂੰ ਮਿਲੇ, ਜਿਸ ਤਹਿਤ ਪ੍ਰਾਪਤ 28,952 ਜਾਣਕਾਰੀਆਂ ਦੇ ਆਧਾਰ 'ਤੇ 10,889 ਐਫਆਈਆਰਜ਼ ਦਰਜ ਕੀਤੀਆਂ ਗਈਆਂ, ਜਿਸਦੀ ਸਫ਼ਲਤਾ ਦਰ 38 ਫ਼ੀਸਦ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਐਨਡੀਪੀਐਸ ਐਕਟ ਦੀ ਧਾਰਾ 68-ਐਫ ਤਹਿਤ 548 ਤਸਕਰਾਂ ਨਾਲ ਸਬੰਧਤ 263 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੌਜੂਦਾ ਸਾਲ ਵਿੱਚ ਪੰਜਾਬ ਵਿੱਚ ਜ਼ਬਤ ਕੀਤੀ ਹੈਰੋਇਨ, ਦੇਸ਼ ਭੜ ‘ਚ ਜ਼ਬਤ ਕੀਤੀ ਗਈ ਕੁੱਲ ਹੈਰੋਇਨ ਦਾ ਲਗਭਗ ਦੋ-ਤਿਹਾਈ ਹਿੱਸਾ ਰਹੀ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਕੌਮੀ ਪੱਧਰ ‘ਤੇ ਐਨਡੀਪੀਐਸ ਗ੍ਰਿਫ਼ਤਾਰੀਆਂ ਵਿੱਚ ਪੰਜਾਬ ਦਾ ਯੋਗਦਾਨ 25 ਫ਼ੀਸਦ ਰਿਹਾ, ਜੋ ਕਿ ਸੂਬੇ ਵਿੱਚ ਦਰਜ ਸਾਰੇ ਐਨਡੀਪੀਐਸ ਮਾਮਲਿਆਂ ਦਾ ਲਗਭਗ 20 ਫ਼ੀਸਦ ਹੈ।
ਨਸ਼ਾ ਛੁਡਾਊ ਯਤਨਾਂ ਦੇ ਹਿੱਸੇ ਵਜੋਂ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਦੀ ਲੋੜ 'ਤੇ ਧਿਆਨ ਕੇਂਦਰਿਤ ਕਰਦਿਆਂ ਪੁਲਿਸ ਨੇ 23,940 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਕਰਵਾਉਣ ‘ਚ ਮਦਦ ਕੀਤੀ ਅਤੇ 59,840 ਵਿਅਕਤੀਆਂ ਨੂੰ ਓ.ਓ.ਏ.ਟੀ. ਕਲੀਨਿਕਾਂ ਵਿੱਚ ਰੈਫ਼ਰ ਕੀਤਾ ਗਿਆ।
ਗੈਂਗਸਟਰਾਂ ਵਿਰੁੱਧ ਕਾਰਵਾਈ
ਸਾਲ 2025 ਵਿੱਚ ਗੈਂਗਸਟਰਾਂ ਵਿਰੁੱਧ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡੀਜੀਪੀ ਨੇ ਕਿਹਾ ਕਿ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਨੇ ਫ਼ੀਲਡ ਯੂਨਿਟਾਂ ਨਾਲ ਮਿਲ ਕੇ 992 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਕਰਕੇ 416 ਗੈਂਗਸਟਰਾਂ/ਅਪਰਾਧੀਆਂ ਦੇ ਮਾਡਿਊਲਾਂ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 620 ਹਥਿਆਰ ਅਤੇ 252 ਵਾਹਨ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਏਜੀਟੀਐਫ ਨੇ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ (ਪੀ.ਏ.ਆਈ.ਐਸ. 2.0) ਨਾਲ ਆਪਣੀਆਂ ਤਕਨੀਕੀ ਸਮਰੱਥਾਵਾਂ ਨੂੰ ਹੋਰ ਅਪਗ੍ਰੇਡ ਕੀਤਾ ਹੈ ਜੋ ਹੋਰਨਾਂ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਤੋਂ ਇਲਾਵਾ ਹੁਣ ਆਵਾਜ਼ ਵਿਸ਼ਲੇਸ਼ਣ ਵਿੱਚ ਵੀ ਸਮਰੱਥ ਹੈ।
ਡੀਜੀਪੀ ਨੇ ਕਿਹਾ ਕਿ ਸੀਬੀਆਈ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਜ਼ਰੀਏ ਵਿਦੇਸ਼ੀ ਅਪਰਾਧੀਆਂ ਦੀ ਹਵਾਲਗੀ ਅਤੇ ਡਿਪੋਰਟੇਸ਼ਨ ਲਈ ਇਸ ਸਾਲ 11 ਰੈੱਡ ਨੋਟਿਸ ਅਤੇ 2 ਬਲੂ ਨੋਟਿਸ ਜਾਰੀ ਕੀਤੇ ਗਏ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਜੀਓ-ਲੋਕੇਟ ਰਾਹੀਂ ਅਨਮੋਲ ਬਿਸ਼ਨੋਈ ਦੇ ਟਿਕਾਣੇ ਦਾ ਪਤਾ ਲਗਾ ਕੇ ਇਸਦੀ ਜਾਣਕਾਰੀ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਗਈ ਅਤੇ ਉਸਨੂੰ ਡਿਪੋਰਟ ਕਰਵਾਇਆ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਪਰਮਿੰਦਰ ਸਿੰਘ ਉਰਫ਼ ਪਿੰਦੀ ਨੂੰ ਸਾਲ 2025 ‘ਚ ਡਿਪੋਰਟ ਕਰਵਾਇਆ ਗਿਆ ਅਤੇ ਦੋ ਹੋਰ ਅਪਰਾਧੀਆਂ (ਸੁਖਦੇਵ ਕੁਮਾਰ ਉਰਫ਼ ਮਨੀਸ਼ ਬੇਦੀ ਅਤੇ ਸਾਜਨ ਮਸੀਹ ਉਰਫ਼ ਗੋਰੂ) ਨੂੰ ਵੱਖ-ਵੱਖ ਦੇਸ਼ਾਂ ‘ਚ ਟਰੈਕ ਕਰਦਿਆਂ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਅਪਰਾਧ ਵਿੱਚ ਕੁੱਲ ਕਮੀ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਸਾਲ 2025 ਵਿੱਚ, ਪਿਛਲੇ ਸਾਲ 2024 ਦੇ ਅੰਕੜਿਆਂ ਦੇ ਮੁਕਾਬਲੇ ਵੱਡੇ ਅਪਰਾਧਾਂ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ, ਜਿਸ ਵਿੱਚ ਕਤਲਾਂ ਕੇਸਾਂ ‘ਚ 8.7 ਫ਼ੀਸਦ (745 ਤੋਂ 680), ਅਗਵਾ ਦੇ ਮਾਮਲਿਆਂ ‘ਚ 10.6 ਫ਼ੀਸਦ (1770 ਤੋਂ 1583), ਸਨੈਚਿੰਗ ਦੇ ਕੇਸਾਂ ‘ਚ 19.6 ਫ਼ੀਸਦ (2321 ਤੋਂ 1866) ਅਤੇ ਚੋਰੀ ਦੇ ਕੇਸਾਂ ‘ਚ 34.3 ਫ਼ੀਸਦ (6714 ਤੋਂ 4410) ਦੀ ਕਮੀ ਆਈ। ਆਬਕਾਰੀ ਐਕਟ, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਵਰਗੇ ਸਥਾਨਕ ਅਤੇ ਵਿਸ਼ੇਸ਼ ਕਾਨੂੰਨਾਂ ਤਹਿਤ ਕਾਰਵਾਈ ਕਰਦਿਆਂ ਵੱਡੀ ਗਿਣਤੀ ਕੇਸ ਦਰਜ ਕੀਤੇ ਗਏ, ਜੋ ਪੰਜਾਬ ਪੁਲਿਸ ਵੱਲੋਂ ਅਪਰਾਧ ਵਿਰੁੱਧ ਸਖ਼ਤ ਕਾਰਵਾਈ ਨੂੰ ਦਰਸਾਉਂਦਾ ਹੈ।
ਕਾਨੂੰਨ ਤੇ ਵਿਵਸਥਾ
ਡੀਜੀਪੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਸਾਲ ਭਰ ਸਥਿਰ ਅਤੇ ਕਾਬੂ ਹੇਠ ਰਹੀ। ਇਸਦੇ ਨਾਲ ਹੀ ਸ੍ਰੀ ਅਮਰਨਾਥ ਜੀ ਅਤੇ ਮਣੀਮਹੇਸ਼ ਯਾਤਰਾਵਾਂ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ, ਛੇ ਆਈਪੀਐਲ ਅਤੇ ਦੋ ਇੱਕ ਰੋਜ਼ਾ ਮੈਚਾਂ ਲਈ ਵਿਆਪਕ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ । ਉਨ੍ਹਾਂ ਕਿਹਾ ਕਿ ਰਾਜ ਪੱਧਰੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਇਲਾਵਾ ਤਰਨ ਤਾਰਨ ਅਤੇ ਲੁਧਿਆਣਾ ਦੀਆਂ ਜ਼ਿਮਨੀ-ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ।
ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ ਅਤੇ ਕਮਿਸ਼ਨਰੇਟਾਂ ਵਿੱਚ ਐਨਡੀਪੀਐਸ ਅਧੀਨ ਤੇ ਹੋਰ ਅਪਰਾਧੀਆਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ 174 ਕਾਸੋ ਆਪ੍ਰੇਸ਼ਨ/ ਚੈਕਿੰਗਾਂ/ ਵਿਸ਼ੇਸ਼ ਕਾਰਵਾਈਆਂ ਕੀਤੀਆਂ ਗਈਆਂ । ਪੰਜਾਬ ਪੁਲਿਸ ਨੇ ਹੜ੍ਹ ਬਚਾਅ ਕਾਰਜਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਾਲ 2025 ਦੌਰਾਨ ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੀਆਂ 5,119 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਪਿਛਲੇ ਸਾਲ ਨਾਲੋਂ 50 ਫੀਸਦ ਘੱਟ ਹਨ।
ਉਨ੍ਹਾਂ ਦੱਸਿਆ ਕਿ ਡਾਇਲ 112- ਈਆਰਐਸਐਸ ਦੇ ਅਪਗ੍ਰੇਡੇਸ਼ਨ ਲਈ 25 ਕਰੋੜ ਰੁਪਏ (ਵਿੱਤੀ ਸਾਲ 2025-26) ਅਲਾਟ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਹੈਲਪਲਾਈਨ ‘ਤੇ ਹੁਣ ਤੱਕ 46.14 ਲੱਖ ਫੋਨ ਕਾਲਾਂ ਸੁਣੀਆਂ ਗਈਆਂ ਹਨ ਅਤੇ ਕੁਸ਼ਲ ਪ੍ਰਬੰਧਨ ਨਾਲ ਇਨ੍ਹਾਂ ਫੋਨ ਕਾਲਾਂ ਦਾ ਰਿਸਪਾਂਸ ਟਾਈਮ 25 ਮਿੰਟ ਤੋਂ ਘਟ ਕੇ 11 ਮਿੰਟ ਕੀਤਾ ਗਿਆ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਤਰਨ ਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ ਦਿਹਾਤੀ ਜ਼ਿਲ੍ਹਿਆਂ ਵਿੱਚ ਐਂਟੀ-ਡਰੋਨ ਸਿਸਟਮ ਤਾਇਨਾਤ ਕੀਤੇ ਗਏ ਹਨ। ਅੰਤਰਰਾਸ਼ਟਰੀ ਸਰਹੱਦ ਉੱਪਰ ਦੂਜੀ ਸੁਰੱਖਿਆ ਪੰਕਤੀ 'ਤੇ 585 ਪਛਾਣੇ ਗਏ ਸਥਾਨਾਂ 'ਤੇ 49.58 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 2,367 ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਸਰਹੱਦ ਪਾਰੋਂ ਨਸ਼ਿਆਂ, ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਸਪਲਾਈ ਨੂੰ ਰੋਕਣ ਲਈ ਜਾਰੀ ਯਤਨਾਂ ਨੂੰ ਹੋਰ ਮਜ਼ਬੂਤੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ 896 ਕਰਮਚਾਰੀ, ਐਸਓਜੀ ਹਿੱਟ, ਘਾਤਕ ਪਲਟੂਨ, ਐਸਐਸਜੀ ਅਤੇ ਏਆਰਪੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਸਾਈਬਰ ਕ੍ਰਾਈਮ
ਸਾਈਬਰ ਕ੍ਰਾਈਮ ਦੇ ਵਿਸ਼ੇ ‘ਤੇ ਗੱਲ ਕਰਦਿਆਂ ਡੀਜੀਪੀ ਨੇ ਦੱਸਿਆ ਕਿ ਪੰਜਾਬ ਵੱਲੋਂ ਸਾਈਬਰ ਧੋਖਾਧੜੀ ਦੇ ਮਾਮਲਿਆਂ ਵਿੱਚ 79.96 ਕਰੋੜ ਰੁਪਏ (418.29 ਕਰੋੜ ਰੁਪਏ ਦੀ ਧੋਖਾਧੜੀ ਵਾਲੀ ਰਕਮ ਵਿੱਚੋਂ) ਦੀ ਰਾਸ਼ੀ ਫਰੀਜ਼ ਕੀਤੀ ਗਈ ਹੈ - ਜੋ 19% ਤੋਂ ਵੱਧ ਦੀ ਪ੍ਰਤੀਸ਼ਤਤਾ ਨਾਲ ਮੌਜੂਦਾ ਸਮੇਂ ਦੇਸ਼ ਵਿੱਚ ਚੌਥੀ ਸਭ ਤੋਂ ਵੱਧ ਰਾਸ਼ੀ ਹੈ। ਉਨ੍ਹਾਂ ਕਿਹਾ ਕਿ ਸਟੇਟ ਸਾਈਬਰ ਕ੍ਰਾਈਮ ਵਿੰਗ ਦੀ ਡੀਆਈਟੀਏਸੀ ਲੈਬ ਨੇ ਨਵੀਂ ਦਿੱਲੀ ਵਿੱਚ ਡਿਜੀਟਲ ਐਵੀਡੈਂਸ ਸਮਿਟ 2025 ਵਿੱਚ ਐਕਸੀਲੈਂਸ ਅਵਾਰਡ 2025 ਜਿੱਤਿਆ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਸਾਲ ਬਹੁ-ਕਰੋੜੀ ਸਾਈਬਰ ਧੋਖਾਧੜੀ ਗਤੀਵਿਧੀਆਂ ਵਿੱਚ ਸ਼ਾਮਲ 18 ਅੰਤਰ-ਰਾਜੀ ਸਾਈਬਰ ਕਰਾਈਮ ਗਿਰੋਹਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਕ੍ਰਿਪਟੋ ਧੋਖਾਧੜੀ ਲਈ ਵਰਤੇ ਗਏ 300 ਖਾਤਿਆਂ ਨੂੰ ਫਰੀਜ਼ ਕੀਤਾ ਗਿਆ ਹੈ ।
ਸੜਕ ਸੁਰੱਖਿਆ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਅੰਦਰ ਸੜਕ ਹਾਦਸਿਆਂ ‘ਚ ਮੌਤਾਂ ਦੀ ਗਿਣਤੀ 2023 ਵਿੱਚ 4,829 ਤੋਂ ਘਟ ਕੇ 2024 ਵਿੱਚ 4,759 ਰਹਿ ਗਈ ਅਤੇ ਸੜਕ ਹਾਦਸਿਆਂ ਦੀ ਗਿਣਤੀ ਸਾਲ 2024 ਵਿੱਚ 6,269 ਤੋਂ ਘਟ ਕੇ 6,063 ਰਹਿ ਗਈ। ਇਸ ਤਰ੍ਹਾਂ ਇਨ੍ਹਾਂ ਦੋਵੇਂ ਪਹਿਲੂਆਂ ‘ਤੇ ਅੰਕੜਿਆਂ ਦੀ ਕਮੀ ਵਿੱਚ ਪੰਜਾਬ ਸੂਬਾ ਨੌਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼ਾਮਲ ਹੋਇਆ। ਸਾਲ 2025 ਵਿੱਚ ਐਸਏਐਸ ਨਗਰ ਵਿੱਚ 22.21 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਪ੍ਰਣਾਲੀ ਸ਼ੁਰੂ ਕੀਤੀ ਗਈ। ਮੌਜੂਦਾ ਸਾਲ ਵਿੱਚ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਦੇ ਚਲਾਨਾਂ ਵਿੱਚ 500 ਫੀਸਦ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਵਾਹਨਾਂ ਦੇ ਚਲਾਨਾਂ ਵਿੱਚ 430 ਫੀਸਦ ਦਾ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਕਿ ਕਾਨੂੰਨ ਦੇ ਸਖ਼ਤ ਲਾਗੂਕਰਨ ਨੂੰ ਦਰਸਾਉਂਦਾ ਹੈ।
ਪੰਜਾਬ ਨਵੇਂ ਅਪਰਾਧਕ ਕਾਨੂੰਨਾਂ ਅਤੇ ਤਕਨਾਲੋਜੀ-ਸੰਚਾਲਿਤ ਪੁਲਿਸਿੰਗ ਨੂੰ ਲਾਗੂ ਕਰਨ ਵਿੱਚ ਵੀ ਮੋਹਰੀ ਬਣ ਕੇ ਉਭਰਿਆ ਹੈ, ਜੋ ਨਿਆਂ ਸੇਤੂ ਐਪਲੀਕੇਸ਼ਨ ਨੂੰ ਲਾਂਚ ਕਰਨ ਵਿੱਚ ਪਹਿਲੇ ਸਥਾਨ 'ਤੇ ਅਤੇ ਸੀਸੀਟੀਐਨਐਸ ਪ੍ਰਦਰਸ਼ਨ ਵਿੱਚ ਮੋਹਰੀ ਰਿਹਾ। ਇਸੇਦ ਨਾਲ ਹੀ 20,000 ਤੋਂ ਵੱਧ ਕਰਮਚਾਰੀਆਂ ਨੂੰ ਨਵੇਂ ਅਪਰਾਧਕ ਕਾਨੂੰਨਾਂ ਬਾਰੇ ਅਤੇ 55,000 ਤੋਂ ਵੱਧ ਨੂੰ ਸੀਸੀਟੀਐਨਐਸ ਬਾਰੇ ਸਿਖਲਾਈ ਦਿੱਤੀ ਗਈ।
ਇਸ ਦੇ ਨਾਲ ਹੀ ਇਸ ਮਿਆਨ ਦੌਰਾਨ ਪੁਲਿਸ ਭਲਾਈ ਦੇ ਕਾਰਜਾਂ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਗਈ, ਜਿਸ ਵਿੱਚ ਬੁਨਿਆਦੀ ਢਾਂਚੇ ਲਈ 11.25 ਕਰੋੜ ਅਲਾਟ ਕੀਤੇ ਗਏ ਅਤੇ 741 ਕਰਮਚਾਰੀਆਂ ਨੂੰ 10.62 ਕਰੋੜ ਲੋਨ ਵਜੋਂ ਦਿੱਤੇ ਗਏ।
Get all latest content delivered to your email a few times a month.