ਤਾਜਾ ਖਬਰਾਂ
ਚੰਡੀਗੜ੍ਹ 23 ਦਸੰਬਰ :
ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਲਈ ‘ਵੀਰ ਬਾਲ ਦਿਵਸ’ ਸਿਰਲੇਖ ਨੂੰ ਬਦਲਣ ਲਈ ਅਜੇ ਤੱਕ ਕੋਈ ਸਾਰਥਕ ਫੈਸਲਾ ਨਹੀਂ ਲਿਆ ਗਿਆ ਹੈ। ਇਸ ਦੇ ਬਾਵਜੂਦ, ਭਾਜਪਾ ਨੇ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੇ ਕਾਰਟੂਨ ਵਾਲੀ ਇੱਕ ਪੋਸਟ ਸਾਂਝੀ ਕੀਤੀ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡਾਹਡੀ ਠੇਸ ਪਹੁੰਚੀ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਸਿੱਖ ਗੁਰੂਆਂ, ਸਾਹਿਬਜ਼ਾਦਿਆਂ ਅਤੇ ਸਿੱਖ ਸ਼ਹੀਦਾਂ ਦਾ ਸਤਿਕਾਰ ਸਿੱਖ ਧਰਮ ਦੀਆਂ ਨੈਤਿਕ ਕਦਰਾਂ-ਕੀਮਤਾਂ, ਰਹੁ-ਰੀਤਾਂ ਅਤੇ ਇਤਿਹਾਸ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਹੈ। ਇਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਕਾਰਟੂਨ, ਪ੍ਰਤੀਕਾਤਮਕ ਜਾਂ ਅਪਮਾਨਜਨਕ ਰੂਪ ਵਿੱਚ ਪੇਸ਼ ਕਰਨਾ ਨਿੰਦਣਯੋਗ ਅਤੇ ਨਾ-ਕਾਬਲ-ਏ-ਬਰਦਾਸ਼ਤ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿੱਖ ਗੁਰੂਆਂ ਅਤੇ ਸ਼ਹੀਦਾਂ ਦੇ ਸਨਮਾਨ ਲਈ ਕੀਤੇ ਜਾ ਰਹੇ ਯਤਨ ਤਾਂ ਹੀ ਸਾਰਥਕ ਸਾਬਤ ਹੋ ਸਕਦੇ ਹਨ ਜੇਕਰ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਫੈਸਲੇ ਜਾਰੀ ਕਰਨ ਤੋਂ ਪਹਿਲਾਂ ਸਿੱਖ ਬੁੱਧੀਜੀਵੀਆਂ, ਇਤਿਹਾਸਕਾਰਾਂ ਅਤੇ ਪ੍ਰਮੁੱਖ ਧਾਰਮਿਕ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੀ ਧਾਰਮਿਕ ਪਛਾਣ, ਇਤਿਹਾਸ ਅਤੇ ਸ਼ਹਾਦਤਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਲਈ ਅਤਿ- ਜ਼ਰੂਰੀ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਸੰਵੇਦਨਸ਼ੀਲਤਾ ਅਤੇ ਧਾਰਮਿਕ ਭਾਵਨਾਵਾਂ ਦਾ ਪੂਰਾ ਸਤਿਕਾਰ ਕੀਤਾ ਜਾਵੇ।
Get all latest content delivered to your email a few times a month.