ਤਾਜਾ ਖਬਰਾਂ
ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ ‘ਤੇ ਪੰਜਾਬ ਦੇ ਵੈਟਨਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸਖ਼ਤ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਜ਼ਿਲ੍ਹਾ ਐੱਸ.ਏ.ਐੱਸ. ਨਗਰ ਸਮੇਤ ਸੂਬੇ ਭਰ ਵਿੱਚ ਪਸ਼ੂ ਪਾਲਣ ਵਿਭਾਗ ਅਧੀਨ ਆਉਂਦੀਆਂ ਸਾਰੀਆਂ ਵੈਟਨਰੀ ਸੇਵਾਵਾਂ ਨੂੰ ਦੋ ਦਿਨਾਂ ਲਈ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ।
ਰੋਸ ਦੇ ਫੈਸਲੇ ਦੇ ਪਹਿਲੇ ਦਿਨ, ਮਿਤੀ 23 ਦਸੰਬਰ 2025 ਨੂੰ, ਵੈਟਨਰੀ ਡਾਕਟਰ ਆਪਣੇ-ਆਪਣੇ ਜ਼ਿਲ੍ਹਿਆਂ ਦੇ ਪੌਲੀਕਲੀਨਿਕਾਂ ਵਿੱਚ ਇਕੱਠੇ ਹੋਏ ਅਤੇ ਸਰਕਾਰ ਦੇ ਬੇਰੁਖੀ ਭਰੇ ਰਵੱਈਏ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡਾਕਟਰਾਂ ਨੇ ਰੋਸ ਦੇ ਤੌਰ ‘ਤੇ ਵਿੱਤ ਵਿਭਾਗ ਵੱਲੋਂ ਮਿਤੀ 4 ਜਨਵਰੀ 2021 ਨੂੰ ਜਾਰੀ ਕੀਤਾ ਗਿਆ ਉਹ ਪੱਤਰ, ਜਿਸ ਰਾਹੀਂ ਪੇਅ ਪੈਰਿਟੀ ਨੂੰ ਭੰਗ ਕੀਤਾ ਗਿਆ ਸੀ, ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਮਿਤੀ 12 ਜਨਵਰੀ 2021 ਨੂੰ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਆਪਣਾ ਗੁੱਸਾ ਜਤਾਇਆ।
ਡਾਕਟਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਰੀਬ ਪੰਜ ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ 42 ਸਾਲਾਂ ਤੋਂ ਚੱਲ ਰਹੀ ਮੈਡੀਕਲ ਡਾਕਟਰਾਂ ਨਾਲ ਪੇਅ ਪੈਰਿਟੀ ਦੀ ਬਹਾਲੀ, ਡੀ.ਏ.ਸੀ.ਪੀ. (4-9-14) ਸਕੀਮ ਨੂੰ ਮੁੜ ਲਾਗੂ ਕਰਨਾ, ਐਨ.ਪੀ.ਏ. ‘ਤੇ ਐਚ.ਆਰ.ਏ. ਦੀ ਮੁੜ ਬਹਾਲੀ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਦਿੱਤੀ ਜਾਣਾ ਸ਼ਾਮਲ ਹੈ। ਡਾਕਟਰਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵੱਲੋਂ ਸਿਰਫ਼ ਲਾਰਿਆਂ ਤੋਂ ਇਲਾਵਾ ਕੋਈ ਢੁੱਕਵਾਂ ਹੱਲ ਨਹੀਂ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸਾਂਝੀ ਕਮੇਟੀ ਦੇ ਕੋ-ਕਨਵੀਨਰ ਡਾ. ਅਬਦੁਲ ਮਜੀਦ, ਸੂਬਾ ਮੀਡੀਆ ਮੁਖੀ ਡਾ. ਗੁਰਿੰਦਰ ਸਿੰਘ ਵਾਲੀਆ, ਜ਼ਿਲ੍ਹਾ ਪ੍ਰਧਾਨ ਡਾ. ਨਿਤਨ ਗੌਤਮ ਅਤੇ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਖੁਦ ਦਖ਼ਲ ਦੇ ਕੇ ਵੈਟਨਰੀ ਡਾਕਟਰਾਂ ਦੀਆਂ ਮੰਗਾਂ ਨੂੰ ਤੁਰੰਤ ਅਤੇ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਚਾਹੀਦਾ ਹੈ।
ਰੋਸ ਪ੍ਰਦਰਸ਼ਨ ਦੌਰਾਨ ਡਾ. ਹਰਪ੍ਰੀਤ ਤੂਰ, ਡਾ. ਪ੍ਰੇਮ ਕੁਮਾਰ, ਡਾ. ਲਖਨ ਸਚਦੇਵਾ, ਡਾ. ਕੁਲਜੋਤਵੀਰ ਸਿੰਘ, ਡਾ. ਰਾਣਾ ਪ੍ਰੀਤ ਗਿੱਲ, ਡਾ. ਰਿਤੂ ਅਰੋੜਾ, ਡਾ. ਦੇਵਿੰਦਰ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੇਵਾ ਮੁਕਤ ਵੈਟਨਰੀ ਅਧਿਕਾਰੀ ਡਾ. ਮਧੂਕੇਸ ਪਲਟਾ, ਡਾ. ਦੇਸ਼ ਦੀਪਕ ਅਤੇ ਡਾ. ਐਮ.ਐਮ. ਸਿੰਗਲਾ ਵੀ ਮੌਜੂਦ ਰਹੇ।
Get all latest content delivered to your email a few times a month.