ਤਾਜਾ ਖਬਰਾਂ
ਕੇਂਦਰ ਸਰਕਾਰ ਵੱਲੋਂ 26 ਦਸੰਬਰ ਨੂੰ ਮਨਾਏ ਜਾ ਰਹੇ ‘ਵੀਰ ਬਾਲ ਦਿਵਸ’ ਦੇ ਨਾਮ ਨੂੰ ਲੈ ਕੇ ਸਿੱਖ ਪੰਥ ਵੱਲੋਂ ਪਹਿਲਾਂ ਹੀ ਰੋਸ ਜਤਾਇਆ ਜਾ ਰਿਹਾ ਹੈ। ਇਸ ਦਿਵਸ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਨਾਮ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਹੁਣ ਪ੍ਰੈਸ ਇਨਫੋਰਮੇਸ਼ਨ ਬਿਊਰੋ (PIB) ਦੁਆਰਾ ਸਾਂਝੇ ਕੀਤੇ ਗਏ ਇੱਕ ਪ੍ਰੋਗਰਾਮ ਦੇ ਪੋਸਟਰ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
PIB ਦੇ ਪੋਸਟਰ 'ਤੇ ਇਤਰਾਜ਼
PIB ਵੱਲੋਂ ਜਾਰੀ ਕੀਤੇ ਗਏ 'ਵੀਰ ਬਾਲ ਦਿਵਸ' ਦੇ ਪੋਸਟਰ ਵਿੱਚ ਇੱਕ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ 'ਤੇ ਹਿੰਦੀ ਵਿੱਚ ਇਹ ਟਿੱਪਣੀ ਲਿਖੀ ਹੋਈ ਹੈ:
“जब नन्हे सपनों को उडान मिलती है, राष्ट्र प्रगति करता है। उन सपनों का उत्सव है वीर बाल दिवस।”
ਇਸ ਪੋਸਟਰ 'ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।
ਗੈਰ-ਸਿੱਖ ਵਿਚਾਰਧਾਰਾ ਨਾਲ ਜੋੜਨ ਦਾ ਦੋਸ਼
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕਰਦਿਆਂ ਅਤੇ ਸਿੱਖ ਮਰਿਆਦਾ ਦੇ ਖਿਲਾਫ਼ ਚੱਲ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਮ 'ਵੀਰ ਬਾਲ ਦਿਵਸ' ਰੱਖਿਆ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਹੁਣ ਇਸ ਦਿਹਾੜੇ ਨੂੰ "ਗੈਰ-ਸਿੱਖ ਵਿਚਾਰਧਾਰਾ ਨਾਲ ਜੋੜ ਕੇ ਪੇਸ਼ ਕਰਨ ਦਾ ਕੋਝਾ ਯਤਨ" ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਕਾਰਵਾਈ ਨੂੰ "ਬਹੁਤ ਮੰਦਭਾਗਾ ਅਤੇ ਨਿੰਦਣਯੋਗ" ਕਰਾਰ ਦਿੱਤਾ।
"ਅਜਿਹਾ ਪ੍ਰਚਾਰ ਸਿੱਖ ਸਿਧਾਂਤਾਂ 'ਤੇ ਸਿੱਧਾ ਹਮਲਾ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।"
ਬਾਦਲ ਨੇ ਕੇਂਦਰ ਸਰਕਾਰ ਤੋਂ ਤੁਰੰਤ ਅਜਿਹੇ ਗੁਮਰਾਹਕੁੰਨ ਪ੍ਰਚਾਰ ਨੂੰ ਬੰਦ ਕਰਨ ਅਤੇ ਅਜਿਹੇ ਪ੍ਰੋਗਰਾਮਾਂ ਉੱਪਰ ਪੂਰਨ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਸਿੱਖ ਸੰਗਤਾਂ ਵਿੱਚ ਇਸ ਨਵੇਂ ਪ੍ਰਚਾਰ ਨੂੰ ਲੈ ਕੇ ਕੇਂਦਰ ਪ੍ਰਤੀ ਨਾਰਾਜ਼ਗੀ ਵਧ ਗਈ ਹੈ।
Get all latest content delivered to your email a few times a month.