ਤਾਜਾ ਖਬਰਾਂ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ, ਜਿੱਥੇ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਈ ਲੜਕੀ ਨੂੰ ਡਾਕਟਰਾਂ ਵੱਲੋਂ ਜਿਉਂਦੇ ਹੋਣ ਦੇ ਬਾਵਜੂਦ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਪੋਸਟਮਾਰਟਮ ਦੌਰਾਨ ਲੜਕੀ ਦੇ ਸਾਹ ਚੱਲਦੇ ਹੋਣ ਦੀ ਪੁਸ਼ਟੀ ਹੋਈ।
ਦੱਸਣਯੋਗ ਹੈ ਕਿ ਬੀਤੇ ਦਿਨ ਪਿੰਡ ਰਸੂਲਪੁਰ ਵਿੱਚ ਸੈਲੂਨ ਤੋਂ ਕੰਮ ਮੁਕਾ ਕੇ ਆਪਣੇ ਪਿੰਡ ਬਨਵਾਲੀਪੁਰ ਵਾਪਸ ਜਾ ਰਹੀ ਨਵਰੂਪ ਕੌਰ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਗੰਭੀਰ ਹਾਲਤ ਵਿੱਚ ਨਵਰੂਪ ਕੌਰ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬਿਨਾਂ ਢੰਗੀ ਜਾਂਚ ਕੀਤੇ ਉਸਨੂੰ ਮ੍ਰਿਤ ਕਰਾਰ ਦੇ ਦਿੱਤਾ।
ਨਿੱਜੀ ਹਸਪਤਾਲ ਵੱਲੋਂ ਮੌਤ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਕਤਲ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਪਰ ਜਦੋਂ ਨਵਰੂਪ ਕੌਰ ਦੀ ਦੇਹ ਨੂੰ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਲਿਆਂਦਾ ਗਿਆ, ਤਾਂ ਡਾਕਟਰਾਂ ਨੇ ਉਸ ਦੇ ਸਾਹ ਚੱਲਦੇ ਹੋਏ ਪਾਏ। ਇਸ ਤੋਂ ਬਾਅਦ ਤੁਰੰਤ ਨਵਰੂਪ ਕੌਰ ਨੂੰ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਇਸ ਵੇਲੇ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੀ ਹੈ।
ਨਵਰੂਪ ਕੌਰ ਦੇ ਸੈਲੂਨ ਮਾਲਕ ਨੇ ਦੱਸਿਆ ਕਿ ਨਿੱਜੀ ਹਸਪਤਾਲ ਦੀ ਲਾਪਰਵਾਹੀ ਕਾਰਨ ਲੜਕੀ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਗਈ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਸਹੀ ਇਲਾਜ ਮਿਲ ਜਾਂਦਾ ਤਾਂ ਹਾਲਤ ਇੰਨੀ ਨਾਜ਼ੁਕ ਨਾ ਹੁੰਦੀ। ਉਨ੍ਹਾਂ ਇਹ ਵੀ ਦੱਸਿਆ ਕਿ ਨਵਰੂਪ ਕੌਰ ਦਾ ਪਰਿਵਾਰ ਆਰਥਿਕ ਤੌਰ ’ਤੇ ਕਾਫ਼ੀ ਕਮਜ਼ੋਰ ਹੈ, ਜਿਸ ਕਰਕੇ ਇਲਾਜ ਲਈ ਦਾਨੀ ਸੱਜਣਾਂ ਨੂੰ ਅੱਗੇ ਆ ਕੇ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜੇ ਹੋ ਰਹੇ ਹਨ ਅਤੇ ਨਿੱਜੀ ਹਸਪਤਾਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
Get all latest content delivered to your email a few times a month.