IMG-LOGO
ਹੋਮ ਪੰਜਾਬ: ਵਾਰ-ਵਾਰ ਹਾਰ ਤੋਂ ਬੌਖਲਾਏ ਕਾਂਗਰਸ ਅਤੇ ਅਕਾਲੀ ਦਲ ਦੇ ਪ੍ਰਧਾਨ...

ਵਾਰ-ਵਾਰ ਹਾਰ ਤੋਂ ਬੌਖਲਾਏ ਕਾਂਗਰਸ ਅਤੇ ਅਕਾਲੀ ਦਲ ਦੇ ਪ੍ਰਧਾਨ ਝੂਠ ਅਤੇ ਬਹਾਨਿਆਂ ਦਾ ਸਹਾਰਾ ਲੈ ਰਹੇ ਹਨ: ਬਲਤੇਜ ਪੰਨੂ

Admin User - Dec 22, 2025 06:07 PM
IMG

ਚੰਡੀਗੜ੍ਹ, 22 ਦਸੰਬਰ-

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਲਗਾਏ ਗਏ ਬੇਬੁਨਿਆਦ ਦੋਸ਼ਾਂ ਦਾ ਖੰਡਨ ਕੀਤਾ ਹੈ।


ਸੋਮਵਾਰ ਨੂੰ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਹੀ ਕਈ ਹਲਕਿਆਂ ਵਿੱਚ ਉਮੀਦਵਾਰ ਖੜ੍ਹੇ ਕਰਨ ਵਿੱਚ ਨਾਕਾਮ ਰਹੇ ਹਨ ਅਤੇ ਹੁਣ 'ਆਪ' 'ਤੇ ਸੀਟਾਂ 'ਤੇ ਕਬਜ਼ਾ ਕਰਨ ਦੇ ਝੂਠੇ ਦੋਸ਼ ਲਗਾ ਰਹੇ ਹਨ।


ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇ ਚੋਣਾਂ ਦਾ ਬਾਈਕਾਟ ਇਸ ਲਈ ਕੀਤਾ ਕਿਉਂਕਿ ਉਸ ਨੂੰ ਉਮੀਦਵਾਰ ਨਹੀਂ ਮਿਲੇ, ਤਾਂ ਇਸ ਦੀ ਜ਼ਿੰਮੇਵਾਰੀ ਸਿਰਫ਼ ਕਾਂਗਰਸ ਦੀ ਹੈ। ਕਿਸੇ ਨੇ ਤਾਂ ਉਹ ਸੀਟਾਂ ਜਿੱਤਣੀਆਂ ਹੀ ਸਨ ਅਤੇ 'ਆਪ' ਕੋਲ ਹਰ ਜਗ੍ਹਾ ਉਮੀਦਵਾਰ ਮੌਜੂਦ ਸਨ।


ਪੰਨੂ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਦਬਾਅ ਹੇਠ ਨਾਮਜ਼ਦਗੀ ਪੱਤਰ ਖੋਹੇ ਗਏ, ਪਾੜੇ ਗਏ ਜਾਂ ਰੱਦ ਕੀਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਹ ਬਹਾਨੇ ਫੇਲ ਹੋ ਗਏ ਤਾਂ ਰਾਜਾ ਵੜਿੰਗ ਨੇ ਅਚਾਨਕ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਕਾਂਗਰਸ ਨੇ 18 ਸੀਟਾਂ ਦਾ ਬਾਈਕਾਟ ਕੀਤਾ ਹੈ ਅਤੇ 'ਆਪ' ਨੂੰ ਇਸ ਦਾ ਫਾਇਦਾ ਹੋਇਆ ਹੈ। ਇਹ ਸਿਆਸੀ ਨਾਕਾਮੀ ਨੂੰ ਛੁਪਾਉਣ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਨਹੀਂ ਹੈ।


ਉਨ੍ਹਾਂ ਤਰਨਤਾਰਨ ਸੀਟ ਦਾ ਹਵਾਲਾ ਦਿੱਤਾ, ਜਿੱਥੇ 'ਆਪ' ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਜਦੋਂਕਿ ਕਾਂਗਰਸ ਚੌਥੇ ਨੰਬਰ 'ਤੇ ਖਿਸਕ ਗਈ ਅਤੇ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਬੈਠੀ। ਪੰਨੂ ਨੇ ਕਿਹਾ ਕਿ ਇਹ ਇਸ ਲਈ ਹੋਇਆ ਕਿਉਂਕਿ ਕਾਂਗਰਸ ਨੇ ਅਸਲ ਵਿੱਚ ਮੈਦਾਨ ਛੱਡ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਰਾਜਾ ਵੜਿੰਗ ਨੂੰ ਇਸ ਗੱਲ 'ਤੇ ਵੀ ਆਤਮ-ਚਿੰਤਨ ਕਰਨਾ ਚਾਹੀਦਾ ਹੈ ਕਿ ਕੀ ਐਸ.ਸੀ. ਅਤੇ ਬੀ.ਸੀ. ਭਾਈਚਾਰਿਆਂ ਵਿਰੁੱਧ ਉਨ੍ਹਾਂ ਦੀਆਂ ਵਿਵਾਦਤ ਟਿੱਪਣੀਆਂ ਨੇ ਉੱਥੇ ਪਾਰਟੀ ਦੀ ਨਮੋਸ਼ੀ ਵਿੱਚ ਹਿੱਸਾ ਪਾਇਆ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਪੰਨੂ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਕਿ ਵੱਖ-ਵੱਖ ਹਲਕਿਆਂ ਵਿੱਚ ਅਕਾਲੀ ਦਲ ਦੇ ਸੈਂਕੜੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਸਨ। ਉਨ੍ਹਾਂ ਯਾਦ ਦਿਵਾਇਆ ਕਿ ਨਾਮਜ਼ਦਗੀ ਅਤੇ ਪੜਤਾਲ ਦੀ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ।


ਪੰਨੂ ਨੇ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਦੇ ਉਮੀਦਵਾਰ ਸਨ ਅਤੇ ਕਾਗਜ਼ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਸਨ, ਤਾਂ ਉਨ੍ਹਾਂ ਨੂੰ ਵੀਡੀਓ ਸਬੂਤ ਪੇਸ਼ ਕਰਨੇ ਚਾਹੀਦੇ ਹਨ। ਕੀ ਇਹ ਉਮੀਦਵਾਰ ਕਾਲਪਨਿਕ ਸਨ, ਜਾਂ ਡਾਇਨਾਸੌਰਾਂ ਵਾਂਗ ਕਿਸੇ ਭੁੱਲੇ ਹੋਏ ਯੁੱਗ ਦੇ ਸਨ?


ਪੰਨੂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਨਾ ਤਾਂ ਕਾਂਗਰਸ ਅਤੇ ਨਾ ਹੀ ਅਕਾਲੀ ਦਲ ਨੂੰ ਉਮੀਦਵਾਰ ਮਿਲੇ, ਫਿਰ ਵੀ ਉਨ੍ਹਾਂ ਦੇ ਆਗੂ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਨਤੀਜਿਆਂ ਤੋਂ ਪਹਿਲਾਂ ਹੀ ਰਾਜਾ ਵੜਿੰਗ ਪ੍ਰਚਾਰ ਲਈ ਹਾਈ ਕੋਰਟ ਪਹੁੰਚ ਗਏ ਸਨ, ਇਹ ਜਾਣਦੇ ਹੋਏ ਵੀ ਕਿ ਗਿਣਤੀ ਦੌਰਾਨ ਵੀਡੀਓਗ੍ਰਾਫੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਿਰਫ਼ ਸੁਰਖੀਆਂ 'ਤੇ ਟਿਕੀ ਹੋਈ ਹੈ, ਲੋਕ ਸਮਰਥਨ 'ਤੇ ਨਹੀਂ।


ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਅਤੇ ਸੁਖਬੀਰ ਬਾਦਲ ਦੋਵਾਂ ਨੂੰ ਤਰਨਤਾਰਨ ਜਿਮਨੀ ਚੋਣ ਸਮੇਤ ਆਪਣੀਆਂ ਹਾਰਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।


ਪੰਨੂ ਨੇ ਕਿਹਾ ਕਿ ਇਹ ਚੋਣਾਂ ਪਿਛਲੇ ਚਾਰ ਸਾਲਾਂ ਦੇ 'ਆਪ' ਦੇ ਸ਼ਾਸਨ 'ਤੇ ਲੋਕਾਂ ਦੀ ਮੋਹਰ ਹਨ। ਉਨ੍ਹਾਂ ਕਿਹਾ ਕਿ ਵੋਟਰਾਂ ਨੇ 'ਆਪ' ਦੇ ਕੰਮ, 600 ਯੂਨਿਟ ਮੁਫ਼ਤ ਬਿਜਲੀ, ਕਿਸਾਨਾਂ ਲਈ ਦਿਨ ਵੇਲੇ ਬਿਜਲੀ ਸਪਲਾਈ, ਵੱਡੇ ਪੱਧਰ 'ਤੇ ਸੜਕਾਂ ਦੇ ਵਿਕਾਸ ਅਤੇ 16 ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਸਮਰਥਨ ਕੀਤਾ ਹੈ।


ਬੇਨਿਯਮੀਆਂ ਦੇ ਵਿਰੋਧੀ ਧਿਰ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਪੰਨੂ ਨੇ ਦਾਅਵਾ ਕੀਤਾ ਕਿ ਇਹ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਸਾਫ਼-ਸੁਥਰੀਆਂ ਚੋਣਾਂ ਵਿੱਚੋਂ ਇੱਕ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਕਿਸੇ ਵੀ ਪਾਰਟੀ ਦਾ ਪੱਖ ਨਹੀਂ ਪੂਰਿਆ। ਲੋਕਾਂ ਨੇ ਪ੍ਰਚਾਰ ਲਈ ਨਹੀਂ ਬਲਕਿ ਕੰਮ ਲਈ ਵੋਟ ਪਾਈ ਹੈ।


ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ 2027 ਵਿੱਚ ਆਪਣੀ ਨਿਸ਼ਚਿਤ ਹਾਰ ਨੂੰ ਮਹਿਸੂਸ ਕਰਦੇ ਹੋਏ ਨਿਰਾਸ਼ਾ ਵਿੱਚ ਗਲਤ ਜਾਣਕਾਰੀ ਫੈਲਾ ਰਹੇ ਹਨ। ਪੰਨੂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਪਿੰਡਾਂ ਵਿੱਚ ਆਪਣਾ ਆਧਾਰ ਗੁਆ ਲਿਆ ਹੈ। ਪੰਜਾਬ ਨੂੰ ਅਕਾਲੀ ਦਲ ਦੇ ਰਾਜ ਦੌਰਾਨ ਹੋਈ ਬਦਨਾਮੀ, ਨਸ਼ੇ, ਕਾਨੂੰਨਹੀਣਤਾ ਅਤੇ ਬੇਅਦਬੀ ਦੀਆਂ ਘਟਨਾਵਾਂ ਯਾਦ ਹਨ ਅਤੇ ਲੋਕਾਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਸਿਆਸੀ ਹਾਸ਼ੀਏ ਵੱਲ ਧੱਕ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.