ਤਾਜਾ ਖਬਰਾਂ
ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਰਸੂਲਪੁਰ ਵਿੱਚ ਸ਼ਾਮ ਸਮੇਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਸੈਲੂਨ ‘ਚ ਕੰਮ ਕਰਕੇ ਘਰ ਵਾਪਸ ਆ ਰਹੀ ਨੌਜਵਾਨ ਲੜਕੀ ਨੂੰ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਪਿੰਡ ਬਨਵਾਲੀਪੁਰ ਨਿਵਾਸੀ ਨਵਰੂਪ ਕੌਰ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਰੂਪ ਕੌਰ ਤਰਨਤਾਰਨ ਸ਼ਹਿਰ ਵਿੱਚ ਸਥਿਤ ਇੱਕ ਸੈਲੂਨ ‘ਤੇ ਨੌਕਰੀ ਕਰਦੀ ਸੀ। ਰੋਜ਼ਾਨਾ ਦੀ ਤਰ੍ਹਾਂ ਕੰਮ ਮੁਕੰਮਲ ਕਰਕੇ ਉਹ ਸ਼ਾਮ ਵੇਲੇ ਰਸੂਲਪੁਰ ਨਹਿਰਾਂ ਨੇੜੇ ਆਪਣੇ ਪਿੰਡ ਜਾਣ ਲਈ ਆਟੋ/ਟੈਂਪੂ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਅਚਾਨਕ ਦੋ ਮੋਟਰਸਾਇਕਲ ਸਵਾਰ ਨੌਜਵਾਨ ਮੌਕੇ ‘ਤੇ ਪਹੁੰਚੇ ਅਤੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖ਼ਮੀ ਹਾਲਤ ਵਿੱਚ ਨਵਰੂਪ ਕੌਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮ੍ਰਿਤਕ ਦੇ ਮਾਪਿਆਂ ਨੇ ਦੋਸ਼ ਲਗਾਇਆ ਹੈ ਕਿ ਇਸ ਘਟਨਾ ਦੇ ਪਿੱਛੇ ਉਨ੍ਹਾਂ ਦੇ ਗਵਾਂਢੀ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵਰੂਪ ਕੌਰ ਨੂੰ ਕਾਫ਼ੀ ਸਮੇਂ ਤੋਂ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਇਹੀ ਰੰਜਿਸ਼ ਕਤਲ ਦੀ ਵਜ੍ਹਾ ਬਣੀ ਹੋ ਸਕਦੀ ਹੈ। ਮ੍ਰਿਤਕ ਦੀ ਮਾਂ ਨੇ ਵੀ ਖੁੱਲ੍ਹੇ ਤੌਰ ‘ਤੇ ਗਵਾਂਢੀ ‘ਤੇ ਸ਼ੱਕ ਜਤਾਇਆ ਹੈ।
ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਡੀਐਸਪੀ ਡੀ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਅਤੇ ਦੋਸ਼ੀਆਂ ਦੀ ਪਛਾਣ ਲਈ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
Get all latest content delivered to your email a few times a month.