ਤਾਜਾ ਖਬਰਾਂ
ਬਠਿੰਡਾ ਪੁਲਿਸ ਨੇ ਰਾਤ ਦੇ ਸਮੇਂ ਮੂੰਗਫਲੀ ਵੇਚਣ ਵਾਲੇ ਰੇੜੀ ਵਾਲੇ ਨਾਲ ਗੰਨ ਪੁਆਇੰਟ ‘ਤੇ ਲੁੱਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਲੁੱਟ ਦੌਰਾਨ ਵਰਤੇ ਗਏ ਚਾਰ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਥਾਣਾ ਥਰਮਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਝੁੱਗੀ ‘ਚ ਮੂੰਗਫਲੀਆਂ ਅਤੇ ਹੋਰ ਸਮਾਨ ਵੇਚਣ ਵਾਲੇ ਵਿਅਕਤੀ ਤੋਂ ਮੂੰਗਫਲੀ ਖਰੀਦਣ ਦੇ ਬਹਾਨੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਗੰਨ ਦਿਖਾ ਕੇ ਨਕਦੀ ਤੇ ਸਮਾਨ ਲੁੱਟ ਲਿਆ ਗਿਆ ਸੀ।
ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ ਤਕਨੀਕੀ ਅਤੇ ਖੁਫ਼ੀਆ ਸੂਤਰਾਂ ਦੀ ਮਦਦ ਨਾਲ 5 ਕਥਿਤ ਆਰੋਪੀਆਂ ਨੂੰ ਕਾਬੂ ਕਰ ਲਿਆ।
ਪਹਿਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ‘ਚੋਂ ਕੁਝ ਬੈਂਕਿੰਗ ਸੈਕਟਰ ‘ਚ ਲੋਨ ਦੇਣ ਦਾ ਕੰਮ ਕਰਦੇ ਹਨ, ਜਦਕਿ ਕੁਝ ਜਮੈਟੋ ਨਾਲ ਜੁੜੇ ਹੋਏ ਹਨ। ਆਰੋਪੀ ਰਾਤ ਅਤੇ ਸਵੇਰ ਦੇ ਸਮੇਂ ਰੇੜੀ-ਫੜੀ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਅਨੁਸਾਰ ਇਹ ਗਿਰੋਹ ਹੁਣ ਤੱਕ ਗੁੰਨਿਆਣਾ, ਥਾਣਾ ਥਰਮਲ ਅਤੇ ਰਾਮਪੁਰਾ ਖੇਤਰਾਂ ਵਿੱਚ ਕਈ ਲੁੱਟ ਦੀਆਂ ਵਾਰਦਾਤਾਂ ਕਰ ਚੁੱਕਾ ਹੈ। ਕਥਿਤ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਵੱਡੇ ਖੁਲਾਸਿਆਂ ਦੀ ਉਮੀਦ ਜਤਾਈ ਜਾ ਰਹੀ ਹੈ।
Get all latest content delivered to your email a few times a month.