ਤਾਜਾ ਖਬਰਾਂ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਕਾ ਕੰਡਿਆਲਾ ਦੇ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਬੀਤੇ ਦਿਨੀਂ ਧੁੰਦ ਕਾਰਨ ਬਰਨਾਲਾ ਨੇੜੇ ਮੱਲੀਆਂ ਟੋਲ ਪਲਾਜ਼ੇ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ—ਸੰਦੀਪ ਮਸੀਹ, ਅਰੁਣ ਮਸੀਹ ਅਤੇ ਅਨੂ ਨਾਮਕ ਲੜਕੀ—ਦੀ ਦਰਦਨਾਕ ਮੌਤ ਹੋ ਗਈ ਸੀ।
ਮ੍ਰਿਤਕਾਂ ਦੀਆਂ ਲਾਸ਼ਾਂ ਜਦ ਘਰ ਪਹੁੰਚੀਆਂ ਤਾਂ ਪਰਿਵਾਰ ਸੋਗ ‘ਚ ਡੁੱਬ ਗਿਆ। ਅੰਤਿਮ ਸੰਸਕਾਰ ਲਈ ਪਰਿਵਾਰਕ ਮੈਂਬਰ ਕਬਰਸਤਾਨ ਗਏ ਹੋਏ ਸਨ। ਇਸ ਦੌਰਾਨ ਕਿਸੇ ਅਣਪਛਾਤੇ ਚੋਰ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਘਰ ਵਿੱਚ ਪਈ ਅਲਮਾਰੀ ਦਾ ਕੁੰਡਾ ਤੋੜ ਦਿੱਤਾ ਅਤੇ ਅੰਦਰੋਂ ਕੀਮਤੀ ਗਹਿਣੇ ਤੇ ਨਕਦੀ ਚੋਰੀ ਕਰ ਲਈ।
ਪਰਿਵਾਰਕ ਮੈਂਬਰਾਂ ਅਨੁਸਾਰ, ਹਾਦਸੇ ਤੋਂ ਬਾਅਦ ਘਰ ਵਿੱਚ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਆਉਣਾ-ਜਾਣਾ ਲੱਗਾ ਹੋਇਆ ਸੀ। ਜਦੋਂ ਉਹ ਅੰਤਿਮ ਰਸਮਾਂ ਪੂਰੀਆਂ ਕਰ ਕੇ ਵਾਪਸ ਆਏ ਅਤੇ ਅਲਮਾਰੀ ਖੋਲ੍ਹ ਕੇ ਦੇਖਿਆ ਤਾਂ ਲਗਭਗ 13 ਲੱਖ ਰੁਪਏ ਮੁੱਲ ਦੇ ਗਹਿਣੇ ਅਤੇ ਕਰੀਬ 50 ਹਜ਼ਾਰ ਰੁਪਏ ਨਕਦ ਗਾਇਬ ਮਿਲੇ।
ਚੋਰੀ ਦੀ ਘਟਨਾ ਸਬੰਧੀ ਪਰਿਵਾਰ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ ਥਾਣਾ ਸਿਟੀ ਦੇ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.