ਤਾਜਾ ਖਬਰਾਂ
ਅੱਜ 6 ਪੋਹ ਹੈ, ਉਹ ਇਤਿਹਾਸਕ ਦਿਨ ਜਦੋਂ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਕੁਰਬਾਨੀਆਂ ਵਾਲੇ 'ਸ਼ਹੀਦੀ ਹਫ਼ਤੇ' ਦੀ ਸ਼ੁਰੂਆਤ ਹੁੰਦੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਨਾਲ ਇਤਿਹਾਸਕ ਤੱਥ ਸਾਂਝੇ ਕਰਦਿਆਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ।
ਧਰਮ ਦੀਆਂ ਕਸਮਾਂ ਖਾ ਕੇ ਮੁਕਰਿਆ ਸੀ ਦੁਸ਼ਮਣ ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਦੱਸਿਆ ਕਿ ਅੱਜ ਦੇ ਦਿਨ ਹੀ ਗੁਰੂ ਸਾਹਿਬ ਨੇ ਸ੍ਰੀ ਅਨੰਦਗੜ੍ਹ ਸਾਹਿਬ ਦਾ ਕਿਲ੍ਹਾ ਤਿਆਗਿਆ ਸੀ। ਉਨ੍ਹਾਂ ਇਤਿਹਾਸ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਮੁਗ਼ਲ ਹਕੂਮਤ ਦੇ ਵਜ਼ੀਰਾਂ ਅਤੇ ਪਹਾੜੀ ਰਾਜਿਆਂ ਨੇ ਪਵਿੱਤਰ ਕਸਮਾਂ ਖਾ ਕੇ ਬੇਨਤੀ ਕੀਤੀ ਸੀ ਕਿ ਜੇਕਰ ਗੁਰੂ ਸਾਹਿਬ ਕਿਲ੍ਹਾ ਛੱਡ ਦੇਣਗੇ, ਤਾਂ ਉਹ ਕਿਸੇ ਨੂੰ ਕੁਝ ਨਹੀਂ ਕਹਿਣਗੇ ਅਤੇ ਜੰਗ ਉੱਥੇ ਹੀ ਖ਼ਤਮ ਹੋ ਜਾਵੇਗੀ।
ਸਿੰਘਾਂ ਦੇ ਕਹਿਣ 'ਤੇ ਲਿਆ ਸੀ ਫੈਸਲਾ ਭਗਵੰਤ ਮਾਨ ਨੇ ਅੱਗੇ ਲਿਖਿਆ ਕਿ ਗੁਰੂ ਸਾਹਿਬ ਨੂੰ ਦੁਸ਼ਮਣਾਂ ਦੇ ਭਰੋਸੇ 'ਤੇ ਯਕੀਨ ਨਹੀਂ ਸੀ ਅਤੇ ਉਨ੍ਹਾਂ ਨੇ ਪਹਿਲਾਂ ਕਿਲ੍ਹਾ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਬਾਅਦ ਵਿੱਚ ਸਿੰਘਾਂ ਦੇ ਵਾਰ-ਵਾਰ ਕਹਿਣ 'ਤੇ ਅਤੇ ਪੰਥ ਦੇ ਭਲੇ ਲਈ ਗੁਰੂ ਜੀ ਨੇ ਪਰਿਵਾਰ ਸਮੇਤ ਕਿਲ੍ਹਾ ਛੱਡਣ ਦਾ ਵੱਡਾ ਫੈਸਲਾ ਲਿਆ। ਇਹ ਉਹ ਪਲ ਸੀ ਜਿੱਥੋਂ ਸਿੱਖ ਇਤਿਹਾਸ ਦੇ ਸਭ ਤੋਂ ਵੈਰਾਗਮਈ ਅਤੇ ਗੌਰਵਮਈ ਅਧਿਆਏ ਦੀ ਸ਼ੁਰੂਆਤ ਹੋਈ।
ਸੰਗਤਾਂ ਵਿੱਚ ਵੈਰਾਗ ਦੀ ਲਹਿਰ ਦੱਸਣਯੋਗ ਹੈ ਕਿ ਅੱਜ ਤੋਂ ਸ਼ੁਰੂ ਹੋਏ ਇਸ ਹਫ਼ਤੇ ਨੂੰ ਪੂਰੀ ਦੁਨੀਆ ਵਿੱਚ ਵਸਦੇ ਸਿੱਖ ਬਹੁਤ ਹੀ ਸ਼ਰਧਾ ਅਤੇ ਵੈਰਾਗ ਨਾਲ ਮਨਾਉਂਦੇ ਹਨ। ਮੁੱਖ ਮੰਤਰੀ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਸੰਗਤਾਂ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ।
Get all latest content delivered to your email a few times a month.