ਤਾਜਾ ਖਬਰਾਂ
ਵਿਦੇਸ਼ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਕੁਵੈਤ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 3 ਪੰਜਾਬੀਆਂ ਸਮੇਤ ਕੁੱਲ 7 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਸਾਰੇ ਨੌਜਵਾਨ ਰੋਜ਼ੀ-ਰੋਟੀ ਦੀ ਖੋਜ ਵਿੱਚ ਕੁਵੈਤ ਗਏ ਹੋਏ ਸਨ। ਮ੍ਰਿਤਕਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਦੋਰਾਂਗਲਾ ਦਾ ਰਹਿਣ ਵਾਲਾ ਜਗਦੀਪ ਸਿੰਘ ਮੰਗਾ ਵੀ ਸ਼ਾਮਲ ਹੈ।
ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਵਿੱਚ ਇੱਕ ਅੰਮ੍ਰਿਤਸਰ ਅਤੇ ਇੱਕ ਜਲੰਧਰ ਤੋਂ ਸੀ, ਜਦਕਿ ਦੋ ਨੌਜਵਾਨ ਪਾਕਿਸਤਾਨ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਦੋ ਹੋਰ ਮ੍ਰਿਤਕਾਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਾਰੇ ਨੌਜਵਾਨ ਕੰਮ ‘ਤੇ ਜਾ ਰਹੇ ਸਨ।
ਜਗਦੀਪ ਸਿੰਘ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਦੋਰਾਂਗਲਾ ਵਿੱਚ ਸੋਗ ਦੀ ਲਹਿਰ ਦੌੜ ਗਈ। ਜਗਦੀਪ ਆਪਣੇ ਪਿੱਛੇ 11 ਸਾਲ ਦਾ ਪੁੱਤਰ, ਪਤਨੀ ਅਤੇ ਬਜ਼ੁਰਗ ਪਿਤਾ ਛੱਡ ਗਿਆ ਹੈ। ਪਰਿਵਾਰ ਵਿੱਚ ਛੋਟਾ ਭਰਾ ਅਤੇ ਉਸ ਦੀ ਪਤਨੀ ਵੀ ਹਨ, ਜਿਨ੍ਹਾਂ ਦੀ ਮਾਲੀ ਹਾਲਤ ਕਾਫ਼ੀ ਕਮਜ਼ੋਰ ਦੱਸੀ ਜਾ ਰਹੀ ਹੈ।
ਮ੍ਰਿਤਕ ਦੇ ਭਰਾ ਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਉਨ੍ਹਾਂ ਨੂੰ ਕੁਵੈਤ ਵਿੱਚ ਰਹਿੰਦੇ ਜਗਦੀਪ ਦੇ ਸਾਥੀਆਂ ਵੱਲੋਂ ਮਿਲੀ। ਉਨ੍ਹਾਂ ਮੁਤਾਬਕ ਕੱਲ੍ਹ ਜਗਦੀਪ ਦੀ ਪਛਾਣ ਮ੍ਰਿਤਕਾਂ ਵਿੱਚੋਂ ਇੱਕ ਵਜੋਂ ਕੀਤੀ ਗਈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਦੀਪ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਂਦਿਆਂ ਮਦਦ ਕੀਤੀ ਜਾਵੇ, ਤਾਂ ਜੋ ਉਸਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ। ਪਰਿਵਾਰ ਦਾ ਕਹਿਣਾ ਹੈ ਕਿ ਵਿਦੇਸ਼ ‘ਚ ਮੌਜੂਦ ਦੋਸਤ ਤੁਰੰਤ ਇੰਨੇ ਪੈਸਿਆਂ ਦੀ ਵਿਵਸਥਾ ਕਰਨ ਵਿੱਚ ਅਸਮਰੱਥ ਹਨ, ਇਸ ਲਈ ਸਰਕਾਰੀ ਸਹਾਇਤਾ ਬਹੁਤ ਜ਼ਰੂਰੀ ਹੈ।
Get all latest content delivered to your email a few times a month.