ਤਾਜਾ ਖਬਰਾਂ
ਡੰਕੀ ਰੂਟ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ ਨੂੰ ਜਲੰਧਰ ਸਥਿਤ ED ਦੀ ਟੀਮ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਕੁੱਲ 13 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ED ਦੇ ਹੱਥ ਕਈ ਅਹਿਮ ਖੁਲਾਸੇ ਅਤੇ ਸਬੂਤ ਲੱਗੇ ਹਨ।
ਡੰਕੀ ਰੂਟ ਦੇ ਪੂਰੇ ਨੈੱਟਵਰਕ ਦਾ ਲੱਗਿਆ ਪਤਾ
ਛਾਪੇਮਾਰੀ ਦੌਰਾਨ ED ਦੀ ਟੀਮ ਨੂੰ ਇਸ ਮਾਮਲੇ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਅਤੇ ਸਬੂਤ ਮਿਲੇ ਹਨ, ਜਿਸ ਨਾਲ ਡੰਕੀ ਰੂਟ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਹੋ ਰਿਹਾ ਹੈ। ਦਿੱਲੀ ਦੇ ਇੱਕ ਟ੍ਰੈਵਲ ਏਜੰਟ ਦੇ ਟਿਕਾਣੇ ਤੋਂ ਲਗਭਗ 4.62 ਕਰੋੜ ਰੁਪਏ ਨਕਦ, 313 ਕਿਲੋ ਚਾਂਦੀ ਅਤੇ 6 ਕਿਲੋ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ।
ਬਰਾਮਦ ਕੀਤੇ ਗਏ ਇਸ ਸਾਮਾਨ ਦੀ ਕੁੱਲ ਕੀਮਤ ਲਗਭਗ 19.13 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ, ਡੰਕੀ ਕਾਰੋਬਾਰ ਨਾਲ ਜੁੜੇ ਹੋਰ ਲੋਕਾਂ ਨਾਲ ਕੀਤੀ ਗਈ ਚੈਟ ਅਤੇ ਹੋਰ ਇਤਰਾਜ਼ਯੋਗ ਸਬੂਤ ਵੀ ਮਿਲੇ ਹਨ। ਹਰਿਆਣਾ ਵਿੱਚ ਡੰਕੀ ਰੂਟ ਦੇ ਇੱਕ ਵੱਡੇ ਖਿਡਾਰੀ ਦੇ ਟਿਕਾਣੇ ਤੋਂ ਇਸ ਨਜਾਇਜ਼ ਧੰਦੇ ਨਾਲ ਜੁੜੇ ਕਈ ਰਿਕਾਰਡ ਅਤੇ ਦਸਤਾਵੇਜ਼ ਬਰਾਮਦ ਹੋਏ ਹਨ।
ਮੈਕਸੀਕੋ ਦੇ ਰਸਤੇ ਭੇਜਦੇ ਸਨ ਅਮਰੀਕਾ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਲੋਕਾਂ ਨੂੰ ਮੈਕਸੀਕੋ ਦੇ ਰਸਤੇ ਅਮਰੀਕਾ ਭੇਜਣ ਦੇ ਬਦਲੇ ਉਨ੍ਹਾਂ ਤੋਂ ਪੈਸਿਆਂ ਦੀ ਗਰੰਟੀ ਵਜੋਂ ਉਨ੍ਹਾਂ ਦੀ ਜ਼ਮੀਨ-ਜਾਇਦਾਦ ਦੇ ਕਾਗਜ਼ਾਤ ਆਪਣੇ ਕੋਲ ਰੱਖਦਾ ਸੀ। ਛਾਪੇਮਾਰੀ ਦੌਰਾਨ ਹੋਰ ਮੁਲਜ਼ਮਾਂ ਦੇ ਟਿਕਾਣਿਆਂ ਤੋਂ ਵੀ ਕਈ ਇਤਰਾਜ਼ਯੋਗ ਦਸਤਾਵੇਜ਼ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ।
ਇਸ ਮਾਮਲੇ 'ਤੇ ED ਦਾ ਕਹਿਣਾ ਹੈ ਕਿ ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਹੁਣ ਡੰਕੀ ਰੂਟ ਦੇ ਪੂਰੇ ਨੈੱਟਵਰਕ ਅਤੇ ਇਸ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਪੂਰੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
Get all latest content delivered to your email a few times a month.