ਤਾਜਾ ਖਬਰਾਂ
ਬਠਿੰਡਾ ਜ਼ਿਲ੍ਹੇ ਵਿੱਚ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਥਾਣਾ ਥਰਮਲ ਵਿੱਚ ਤਾਇਨਾਤ ਹਵਲਦਾਰ ਅਰੁਣ ਕੁਮਾਰ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਹੌਲਦਾਰ ਅਰੁਣ ਕੁਮਾਰ ਆਈਓ ਦੀ ਡਿਊਟੀ ’ਤੇ ਤਾਇਨਾਤ ਸੀ ਅਤੇ ਇੱਕ ਮਿਸਤਰੀ ਨੂੰ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਵਾਰ-ਵਾਰ ਪੈਸੇ ਮੰਗ ਰਿਹਾ ਸੀ।
ਗੋਨਿਆਣਾ ਮੰਡੀ ਦੇ ਵਸਨੀਕ ਅਤੇ ਮਿਸਤਰੀ ਦਾ ਕੰਮ ਕਰਨ ਵਾਲੇ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਖ਼ਿਲਾਫ਼ ਥਾਣਾ ਥਰਮਲ ਵਿੱਚ ਇੱਕ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਆਧਾਰ ਬਣਾਕੇ ਹੌਲਦਾਰ ਨੇ ਉਸ ਨੂੰ ਬੁਲਾ ਕੇ ਡਰਾਇਆ-ਧਮਕਾਇਆ। ਇਸ ਦੌਰਾਨ ਪਹਿਲਾਂ ਉਸ ਤੋਂ 10 ਹਜ਼ਾਰ ਅਤੇ ਫਿਰ 5 ਹਜ਼ਾਰ ਰੁਪਏ ਵਸੂਲ ਕਰ ਲਏ ਗਏ। ਹੌਲਦਾਰ ਵੱਲੋਂ ਐਫਆਈਆਰ ਦਰਜ ਕਰਨ ਦੀ ਧਮਕੀ ਦੇ ਕੇ ਮੁੜ ਪੈਸੇ ਮੰਗੇ ਜਾ ਰਹੇ ਸਨ।
ਪੀੜਤ ਨੇ ਤੀਸਰੀ ਵਾਰ ਮੰਗੀ ਗਈ ਰਿਸ਼ਵਤ ਤੋਂ ਤੰਗ ਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਚੰਡੀਗੜ੍ਹ ਵੱਲੋਂ ਟੀਮ ਤਾਇਨਾਤ ਕੀਤੀ ਗਈ। ਯੋਜਨਾ ਅਨੁਸਾਰ ਜਦੋਂ ਹੌਲਦਾਰ ਅਰੁਣ ਕੁਮਾਰ ਨੇ ਜਗਜੀਤ ਸਿੰਘ ਤੋਂ 10 ਹਜ਼ਾਰ ਰੁਪਏ ਲਏ, ਤਾਂ ਵਿਜੀਲੈਂਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਬਾਅਦ ਵਿੱਚ ਦੋਸ਼ੀ ਹੌਲਦਾਰ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਲੈ ਜਾਇਆ ਗਿਆ।
ਜਗਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਐਸਐਸਪੀ ਬਠਿੰਡਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਰਵਾਈ ਨਾਲ ਉਸ ਨੂੰ ਇਨਸਾਫ ਮਿਲਿਆ ਹੈ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਸਖ਼ਤ ਸੰਦੇਸ਼ ਗਿਆ ਹੈ।
Get all latest content delivered to your email a few times a month.