ਤਾਜਾ ਖਬਰਾਂ
ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜਸ਼ੰਕਰ ਦੇ ਪਿੰਡ ਲਹਿਰਾ ਨਾਲ ਸਬੰਧਿਤ 56 ਸਾਲਾ ਸੁਰਿੰਦਰ ਪਾਲ ਪੁੱਤਰ ਕੁੰਦਨ ਲਾਲ ਦੀ ਮ੍ਰਿਤਕ ਦੇਹ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚੀ। ਸੁਰਿੰਦਰ ਪਾਲ ਬੀਤੇ ਦਿਨੀਂ ਦੁਬਈ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ। ਹਵਾਈ ਅੱਡੇ ਤੋਂ ਮ੍ਰਿਤਕ ਦੇਹ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਪਿੰਡ ਲਹਿਰਾ ਸਥਿਤ ਉਸ ਦੇ ਘਰ ਭੇਜਿਆ ਗਿਆ।
ਇਸ ਮੌਕੇ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸੁਰਿੰਦਰ ਪਾਲ ਪਿਛਲੇ ਕਰੀਬ 10 ਸਾਲਾਂ ਤੋਂ ਆਪਣੇ ਪਰਿਵਾਰ ਦੀ ਭਲਾਈ ਲਈ ਦੁਬਈ ਵਿੱਚ ਮਿਹਨਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 6 ਦਸੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਪਰਿਵਾਰ ਦੀ ਅਪੀਲ ‘ਤੇ ਟਰੱਸਟ ਵੱਲੋਂ ਹਵਾਈ ਅੱਡੇ ਤੋਂ ਘਰ ਤੱਕ ਮ੍ਰਿਤਕ ਦੇਹ ਲਿਜਾਣ ਲਈ ਮੁਫ਼ਤ ਐਂਬੂਲੈਂਸ ਸੇਵਾ ਮੁਹੱਈਆ ਕਰਵਾਈ ਗਈ।
ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਸਨਮਾਨ ਸਹਿਤ ਘਰ ਤੱਕ ਪਹੁੰਚਾਇਆ ਗਿਆ। ਡਾ. ਓਬਰਾਏ ਨੇ ਇਹ ਵੀ ਕਿਹਾ ਕਿ ਟਰੱਸਟ ਦੀ ਹੁਸ਼ਿਆਰਪੁਰ ਜ਼ਿਲ੍ਹਾ ਟੀਮ ਵੱਲੋਂ ਪੀੜਤ ਪਰਿਵਾਰ ਦੀ ਆਰਥਿਕ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲੋੜ ਅਨੁਸਾਰ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾਵੇਗੀ।
ਇਸ ਮੌਕੇ ਸੁਰਿੰਦਰ ਪਾਲ ਦੇ ਪੁੱਤਰ ਹਰਸ਼ਦੀਪ ਸਮੇਤ ਪਰਿਵਾਰਕ ਮੈਂਬਰਾਂ ਨੇ ਇਸ ਦੁੱਖ ਦੀ ਘੜੀ ਵਿੱਚ ਵੱਡਾ ਸਹਾਰਾ ਦੇਣ ਲਈ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਦਿਲੋਂ ਧੰਨਵਾਦ ਕੀਤਾ।
Get all latest content delivered to your email a few times a month.