ਤਾਜਾ ਖਬਰਾਂ
ਬਰਨਾਲਾ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਅਖ਼ੀਰ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਹੁਣ ਫਿਰੋਜ਼ਪੁਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਅਤਿ-ਆਧੁਨਿਕ ‘ਵੰਦੇ ਭਾਰਤ’ ਰੇਲ ਗੱਡੀ ਬਰਨਾਲਾ ਰੇਲਵੇ ਸਟੇਸ਼ਨ ’ਤੇ ਵੀ ਰੁਕਿਆ ਕਰੇਗੀ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਅਹਿਮ ਮੁਲਾਕਾਤ ਤੋਂ ਬਾਅਦ ਇਹ ਵੱਡਾ ਐਲਾਨ ਕੀਤਾ ਗਿਆ ਹੈ।
ਲੋਕਾਂ ਦੇ ਰੋਸ ਤੋਂ ਬਾਅਦ ਲਿਆ ਗਿਆ ਫੈਸਲਾ
ਜ਼ਿਕਰਯੋਗ ਹੈ ਕਿ ਜਦੋਂ ਇਹ ਟ੍ਰੇਨ ਫਿਰੋਜ਼ਪੁਰ ਤੋਂ ਬਠਿੰਡਾ, ਬਰਨਾਲਾ ਅਤੇ ਪਟਿਆਲਾ ਦੇ ਰਸਤੇ ਦਿੱਲੀ ਲਈ ਸ਼ੁਰੂ ਕੀਤੀ ਗਈ ਸੀ, ਤਾਂ ਬਰਨਾਲਾ ਵਿੱਚ ਇਸ ਦਾ ਕੋਈ ਸਟਾਪੇਜ ਨਹੀਂ ਰੱਖਿਆ ਗਿਆ ਸੀ। ਇਸ ਕਾਰਨ ਇਲਾਕਾ ਨਿਵਾਸੀਆਂ ਅਤੇ ਵਪਾਰੀਆਂ ਵਿੱਚ ਕਾਫੀ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਸੀ। ਬਰਨਾਲਾ ਵਰਗੇ ਅਹਿਮ ਉਦਯੋਗਿਕ ਅਤੇ ਵਪਾਰਕ ਸ਼ਹਿਰ ਨੂੰ ਅਣਗੌਲਿਆ ਕੀਤੇ ਜਾਣ 'ਤੇ ਸਥਾਨਕ ਆਗੂਆਂ ਨੇ ਵੀ ਸਰਕਾਰ ਤੱਕ ਪਹੁੰਚ ਕੀਤੀ ਸੀ।
ਸਿਆਸੀ ਆਗੂਆਂ ਦੇ ਯਤਨਾਂ ਨੂੰ ਪਿਆ ਬੂਰ
ਇਸ ਮੰਗ ਨੂੰ ਲੈ ਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਖ਼ੁਦ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਬਰਨਾਲਾ ਦੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਸੀ। ਇਸ ਤੋਂ ਇਲਾਵਾ, ਸੰਸਦ ਮੈਂਬਰ ਮੀਤ ਹੇਅਰ ਨੇ ਵੀ ਰੇਲ ਮੰਤਰੀ ਨਾਲ ਸੰਪਰਕ ਸਾਧ ਕੇ ਇਸ ਠਹਿਰਾਅ ਦੀ ਵਕਾਲਤ ਕੀਤੀ ਸੀ। ਇਨ੍ਹਾਂ ਸਾਂਝੇ ਯਤਨਾਂ ਸਦਕਾ ਹੁਣ ਬਰਨਾਲਾ ਵਾਸੀਆਂ ਨੂੰ ਦਿੱਲੀ ਜਾਣ ਲਈ ਸੁਖਾਲਾ ਅਤੇ ਤੇਜ਼ ਰਫ਼ਤਾਰ ਸਫ਼ਰ ਨਸੀਬ ਹੋਵੇਗਾ।
ਇਲਾਕੇ ਵਿੱਚ ਖੁਸ਼ੀ ਦੀ ਲਹਿਰ
ਰੇਲਵੇ ਵਿਭਾਗ ਦੇ ਇਸ ਫੈਸਲੇ ਨਾਲ ਬਰਨਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਖੁਸ਼ੀ ਦੀ ਲਹਿਰ ਹੈ। ਵਪਾਰਕ ਜਗਤ ਦਾ ਮੰਨਣਾ ਹੈ ਕਿ ਵੰਦੇ ਭਾਰਤ ਦੇ ਰੁਕਣ ਨਾਲ ਸ਼ਹਿਰ ਦੀ ਆਰਥਿਕਤਾ ਅਤੇ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ। ਰੇਲਵੇ ਵੱਲੋਂ ਜਲਦ ਹੀ ਇਸ ਠਹਿਰਾਅ ਦੇ ਸਮੇਂ ਬਾਰੇ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਜਾਵੇਗੀ।
Get all latest content delivered to your email a few times a month.