ਤਾਜਾ ਖਬਰਾਂ
ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੇ ਆਮ ਜੀਵਨ ਦੀ ਰਫ਼ਤਾਰ ਬਰੇਕਾਂ ਲਗਾ ਦਿੱਤੀਆਂ ਹਨ। ਵੀਰਵਾਰ ਸਵੇਰੇ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਵਿਜੀਬਿਲਟੀ (ਦ੍ਰਿਸ਼ਟੀ) ਜ਼ੀਰੋ ਹੋਣ ਕਾਰਨ ਵੱਡੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸਭ ਤੋਂ ਭਿਆਨਕ ਸਥਿਤੀ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ’ਤੇ ਦੇਖਣ ਨੂੰ ਮਿਲੀ, ਜਿੱਥੇ ਪਿੰਡ ਕਾਲਾ ਬੱਕਰਾ ਦੇ ਨਜ਼ਦੀਕ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ।
ਇੰਝ ਵਾਪਰਿਆ ਹਾਦਸਾ
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਹਾਈਵੇਅ ’ਤੇ ਜਾ ਰਹੇ ਇੱਕ ਅਣਪਛਾਤੇ ਟਰੱਕ ਦੇ ਪਿੱਛੇ ਇੱਕ ਤੇਜ਼ ਰਫ਼ਤਾਰ ਟਿੱਪਰ ਆ ਟਕਰਾਇਆ। ਧੁੰਦ ਇੰਨੀ ਜ਼ਿਆਦਾ ਸੀ ਕਿ ਪਿੱਛੇ ਆ ਰਹੀਆਂ ਗੱਡੀਆਂ ਦੇ ਚਾਲਕਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਇੱਕ ਤੋਂ ਬਾਅਦ ਇੱਕ ਕਈ ਕਾਰਾਂ ਅਤੇ ਹੋਰ ਵਾਹਨ ਆਪਸ ਵਿੱਚ ਭਿੜ ਗਏ। ਇਸ ਹਾਦਸੇ ਵਿੱਚ ਗੱਡੀਆਂ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ, ਪਰ ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੜਕ ਸੁਰੱਖਿਆ ਫੋਰਸ (SSF) ਨੇ ਸੰਭਾਲਿਆ ਮੋਰਚਾ
ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਟੀਮ ਨੇ ਸੜਕ ਵਿਚਕਾਰ ਫਸੇ ਵਾਹਨਾਂ ਨੂੰ ਸਾਈਡ 'ਤੇ ਕਰਵਾ ਕੇ ਜਾਮ ਖੁੱਲ੍ਹਵਾਇਆ ਅਤੇ ਹਾਈਵੇਅ ’ਤੇ ਆਵਾਜਾਈ ਨੂੰ ਮੁੜ ਚਾਲੂ ਕੀਤਾ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਧੁੰਦ ਦੀ ਚਿੱਟੀ ਚਾਦਰ 'ਚ ਲਿਪਟਿਆ ਜਲੰਧਰ
ਪਿਛਲੇ ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਪੂਰੇ ਜਲੰਧਰ ਜ਼ਿਲ੍ਹੇ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸਵੇਰ ਦੇ ਵੇਲੇ ਹਾਲਾਤ ਅਜਿਹੇ ਸਨ ਕਿ ਕੁਝ ਮੀਟਰ ਦੀ ਦੂਰੀ 'ਤੇ ਵੀ ਦੇਖਣਾ ਮੁਸ਼ਕਿਲ ਸੀ। ਮੌਸਮ ਵਿਭਾਗ ਅਤੇ ਪ੍ਰਸ਼ਾਸਨ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ 'ਤੇ ਚੱਲਦੇ ਸਮੇਂ ਫੌਗ ਲਾਈਟਾਂ ਦੀ ਵਰਤੋਂ ਕਰਨ ਅਤੇ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
Get all latest content delivered to your email a few times a month.