ਤਾਜਾ ਖਬਰਾਂ
ਮੋਹਾਲੀ ਵਿੱਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਅਤੇ ਮੋਹਾਲੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਮੁੱਖ ਸ਼ੂਟਰ ਨੂੰ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਗਿਆ। ਇਹ ਐਨਕਾਊਂਟਰ ਲਾਲਡੂ ਨੇੜੇ ਅੰਬਾਲਾ ਹਾਈਵੇਅ ‘ਤੇ ਹੋਇਆ, ਜਿੱਥੇ ਆਰੋਪੀ ਹਰਪਿੰਦਰ ਸਿੰਘ ਉਰਫ਼ ਮਿੱਡੂ ਪੁਲਿਸ ਨਾਲ ਮੁਕਾਬਲੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਹਰਪਿੰਦਰ ਉਰਫ਼ ਮਿੱਡੂ ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਸੀ ਅਤੇ ਉਹ ਕਤਲ ਵਿੱਚ ਸ਼ਾਮਲ ਹੋਰ ਦੋ ਸ਼ੂਟਰਾਂ ਦਾ ਸਾਥੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਿੱਡੂ ਨੇ ਸੈਲਫੀ ਖਿਚਵਾਉਣ ਦੇ ਬਹਾਨੇ ਰਾਣਾ ਬਲਾਚੌਰੀਆ ਨੂੰ ਨੇੜੇ ਆ ਕੇ ਗੋਲੀਆਂ ਮਾਰੀਆਂ ਸਨ। ਮੁਕਾਬਲੇ ਦੌਰਾਨ ਦੋ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਕਾਰਵਾਈ ਦੇ ਨਾਲ-ਨਾਲ ਪੁਲਿਸ ਨੇ ਕਤਲ ਦੇ ਮਾਸਟਰਮਾਈਂਡ ਅਸ਼ਵਿੰਦਰ ਸਿੰਘ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅਸ਼ਵਿੰਦਰ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਸ ‘ਤੇ ਪੂਰੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਹਨ।
ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋ ਸ਼ੂਟਰਾਂ—ਆਦਿੱਤਿਆ ਕਪੂਰ ਅਤੇ ਕਰਨ ਪਾਠਕ—ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਨੇ ਪੂਰੀ ਯੋਜਨਾ ਅਧੀਨ ਇਸ ਕਤਲ ਨੂੰ ਅੰਜਾਮ ਦਿੱਤਾ। ਇਸ ਤੋਂ ਇਲਾਵਾ ਟੂਰਨਾਮੈਂਟਾਂ ਦੌਰਾਨ ਰਾਣਾ ਬਲਾਚੌਰੀਆ ਦੀ ਰੇਕੀ ਕਰਨ ਅਤੇ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਸਾਰੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
Get all latest content delivered to your email a few times a month.