ਤਾਜਾ ਖਬਰਾਂ
ਲੁਧਿਆਣਾ: ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਮੰਗਲਵਾਰ ਸ਼ਾਮ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਗਈ। ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਸ਼ੁਰੂ ਹੋਈ ਮਾਮੂਲੀ ਤਕਰਾਰ ਨੇ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਲਿਆ ਜਦੋਂ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਹੀ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਸਮੇਂ ਪੰਜ ਅਧਿਕਾਰੀ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਇਸ ਬਗਾਵਤੀ ਰੁਖ਼ ਲਈ 24 ਕੈਦੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਸਜ਼ਾ ਦੇਣ 'ਤੇ ਭੜਕੇ ਕੈਦੀ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਵਿਵਾਦ ਦੀ ਜੜ੍ਹ ਦੋ ਕੈਦੀਆਂ ਵਿਚਾਲੇ ਹੋਈ ਲੜਾਈ ਸੀ। ਪ੍ਰਸ਼ਾਸਨ ਨੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਇੱਕ ਕੈਦੀ ਨੂੰ ਪਨਿਸ਼ਮੈਂਟ ਸੈੱਲ (ਚੱਕੀ) ਵਿੱਚ ਬੰਦ ਕਰ ਦਿੱਤਾ ਸੀ। ਸ਼ਾਮ ਵੇਲੇ ਜਦੋਂ ਉਕਤ ਕੈਦੀ ਨੂੰ ਬੈਰਕ ਵਿੱਚ ਵਾਪਸ ਲਿਜਾਇਆ ਜਾ ਰਿਹਾ ਸੀ, ਤਾਂ ਉਸ ਨੇ ਆਪਣੇ ਸਾਥੀਆਂ ਨੂੰ ਭੜਕਾ ਦਿੱਤਾ। ਭੜਕੇ ਹੋਏ ਕੈਦੀਆਂ ਨੇ ਕਿਆਰੀਆਂ ਵਿੱਚ ਲੱਗੀਆਂ ਇੱਟਾਂ ਪੁੱਟ ਕੇ ਜੇਲ੍ਹ ਸਟਾਫ਼ 'ਤੇ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।
ਸੁਪਰਡੈਂਟ ਦੇ ਸਿਰ 'ਤੇ ਲੱਗੀ ਇੱਟ
ਜਦੋਂ ਸਥਿਤੀ ਬੇਕਾਬੂ ਹੋਣ ਲੱਗੀ ਤਾਂ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਭਾਰੀ ਫੋਰਸ ਨਾਲ ਮੌਕੇ 'ਤੇ ਪਹੁੰਚੇ। ਕੈਦੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਇੱਟ ਸਿੱਧੀ ਸੁਪਰਡੈਂਟ ਦੇ ਸਿਰ ਵਿੱਚ ਜਾ ਲੱਗੀ, ਜਿਸ ਨਾਲ ਉਹ ਲਹੂ-ਲੁਹਾਣ ਹੋ ਗਏ। ਉਨ੍ਹਾਂ ਦੇ ਨਾਲ ਚਾਰ ਹੋਰ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਸੁਰੱਖਿਆ ਦੇ ਸਖ਼ਤ ਪ੍ਰਬੰਧ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀਆਂ ਵਾਧੂ ਟੁਕੜੀਆਂ ਜੇਲ੍ਹ ਵਿੱਚ ਦਾਖ਼ਲ ਹੋਈਆਂ ਅਤੇ ਹਾਲਾਤ 'ਤੇ ਕਾਬੂ ਪਾਇਆ। ਪੁਲਿਸ ਕਮਿਸ਼ਨਰ ਅਨੁਸਾਰ, ਇਸ ਸਮੇਂ ਜੇਲ੍ਹ ਅਤੇ ਸ਼ਹਿਰ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਦੇ ਚੱਲਦਿਆਂ ਸ਼ਹਿਰ ਵਿੱਚ ਪਹਿਲਾਂ ਹੀ ਸੁਰੱਖਿਆ ਸਖ਼ਤ ਸੀ, ਜਿਸ ਕਾਰਨ ਸਥਿਤੀ ਨੂੰ ਜਲਦ ਸੰਭਾਲ ਲਿਆ ਗਿਆ।
ਪੁਲਿਸ ਹੁਣ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਹਮਲੇ ਵਿੱਚ ਸ਼ਾਮਲ ਹੋਰ ਕੈਦੀਆਂ ਦੀ ਪਛਾਣ ਕੀਤੀ ਜਾ ਸਕੇ। ਇਸ ਘਟਨਾ ਨੇ ਇੱਕ ਵਾਰ ਫਿਰ ਜੇਲ੍ਹਾਂ ਦੀ ਅੰਦਰੂਨੀ ਸੁਰੱਖਿਆ ਅਤੇ ਕੈਦੀਆਂ ਕੋਲ ਮੌਜੂਦ ਸਮਾਨ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।
Get all latest content delivered to your email a few times a month.