IMG-LOGO
ਹੋਮ ਪੰਜਾਬ: ਕਬੱਡੀ ਪ੍ਰਮੋਟਰ ਕਤਲ ਮਾਮਲਾ: ਮੋਹਾਲੀ ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ

ਕਬੱਡੀ ਪ੍ਰਮੋਟਰ ਕਤਲ ਮਾਮਲਾ: ਮੋਹਾਲੀ ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ

Admin User - Dec 16, 2025 04:34 PM
IMG

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਦਸੰਬਰ, 2025:

ਪ੍ਰਸਿੱਧ ਕਬੱਡੀ ਪ੍ਰਮੋਟਰ ਕੁੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸ ਐੱਸ ਪੀ), ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ੍ਰੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਦੋਵਾਂ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ।


ਐੱਸ ਐੱਸ ਪੀ ਹਾਂਸ ਨੇ ਦੱਸਿਆ ਕਿ ਸੂਟਰਾਂ ਦੀ ਪਛਾਣ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਉਰਫ਼ ਡਿਫਾਲਟਰ ਕਰਨ ਵਜੋਂ ਹੋਈ ਹੈ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਦੋਸ਼ੀ ਡੋਨੀ ਬੱਲ ਅਤੇ ਲੱਕੀ ਪਟਿਆਲ ਗੈਂਗ ਨਾਲ ਸਬੰਧਤ ਹਨ। ਉਨ੍ਹਾਂ ਨੇ ਕਿਹਾ ਕਿ ਕਤਲ ਦੇ ਪਿੱਛੇ ਮੁੱਖ ਕਾਰਨ ਕਬੱਡੀ ਟੂਰਨਾਮੈਂਟਾਂ ਵਿੱਚ ਆਪਣਾ  ਦਬਦਬਾ ਕਾਇਮ ਰੱਖਣਾ ਦਿਖਾਈ ਦੇ ਰਿਹਾ ਹੈ।


ਐੱਸ ਐੱਸ ਪੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ 12 ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕਰਕੇ ਵੱਖ-ਵੱਖ ਥਾਵਾਂ ’ਤੇ ਭੇਜਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।


ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰਦਿਆਂ ਐੱਸ ਐੱਸ ਪੀ ਹਾਂਸ ਨੇ ਸਪਸ਼ਟ ਕੀਤਾ ਕਿ ਇਸ ਕਤਲ ਦਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਹ ਘਟਨਾ ਗੈਂਗਸਟਰਾਂ ਵੱਲੋਂ ਕਬੱਡੀ ਮੈਚਾਂ ’ਤੇ ਆਪਣਾ ਕਬਜ਼ਾ ਅਤੇ ਦਬਦਬਾ ਬਣਾਉਣ ਨਾਲ ਜੁੜੀ ਹੋਈ ਹੈ।


ਦੋਸ਼ੀਆਂ ਦੇ ਅਪਰਾਧਿਕ ਪਿਛੋਕੜ ਬਾਰੇ ਦੱਸਦਿਆਂ ਐੱਸ ਐੱਸ ਪੀ ਨੇ ਕਿਹਾ ਕਿ ਆਦਿਤਿਆ ਕਪੂਰ ਖ਼ਿਲਾਫ਼ ਵੱਖ-ਵੱਖ ਪੁਲਿਸ ਥਾਣਿਆਂ ਵਿੱਚ 13 ਐੱਫ ਆਈ ਆਰਜ਼ ਦਰਜ ਹਨ, ਜਦਕਿ ਕਰਨ ਪਾਠਕ ਖ਼ਿਲਾਫ਼ 2 ਐੱਫ ਆਈ ਆਰਜ਼ ਦਰਜ ਹਨ।


ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਟੂਰਨਾਮੈਂਟ ਆਯੋਜਕ ਕਮੇਟੀ ਕੋਲ ਟੂਰਨਾਮੈਂਟ ਕਰਵਾਉਣ ਲਈ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਸਨ ਅਤੇ ਇਹ ਘਟਨਾ ਰਾਣਾ ਬਲਾਚੌਰੀਆ ਵੱਲੋਂ ਸਪਾਂਸਰਡ ਟੀਮ ਦਾ ਮੈਚ ਸਮਾਪਤ ਹੋਣ ਉਪਰੰਤ, ਜਦੋਂ ਉਹ ਮੈਦਾਨ ਤੋਂ ਬਾਹਰ ਨਿਕਲ ਰਹੇ ਸਨ, ਸਮੇਂ ਵਾਪਰੀ।


ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਪੰਜਾਬ ਪੁਲਿਸ, ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਗੌਰਵ ਯਾਦਵ ਦੀ ਅਗਵਾਈ ਹੇਠ, ਅਜਿਹੀਆਂ ਅਪਰਾਧਿਕ ਗਤੀਵਿਧੀਆਂ ’ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਲਈ ਲਗਾਤਾਰ ਯਤਨ ਜਾਰੀ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.